ਇੰਡੀਅਨ ਰੇਲਵੇ ਤੇ ਪੰਜਾਬ ਪੁਲੀਸ ਨੇ ਸੈਮੀ ਫਾਈਨਲ ਵਿੱਚ ਥਾਂ ਬਣਾਈ

ਇੰਡੀਅਨ ਰੇਲਵੇ ਅਤੇ ਪੰਜਾਬ ਪੁਲੀਸ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ 35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਜਾਰੀ ਲੀਗ ਗੇੜ ਦੇ ਆਖ਼ਰੀ ਦਿਨ ਸਾਬਕਾ ਕੌਮੀ ਚੈਂਪੀਅਨ ਇੰਡੀਅਨ ਰੇਲਵੇ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 5-1 ਗੋਲਾਂ ਨਾਲ ਹਰਾਇਆ, ਜਦੋਂਕਿ ਦੂਜੇ ਮੈਚ ਵਿੱਚ ਮੌਜੂਦਾ ਚੈਂਪੀਅਨ ਪੰਜਾਬ ਪੁਲੀਸ ਨੇ ਕੈਗ ਦਿੱਲੀ ਨੂੰ 4-1 ਗੋਲਾਂ ਨਾਲ ਮਾਤ ਦਿੱਤੀ। ਪੰਜਾਬ ਪੁਲੀਸ ਤੇ ਆਰਮੀ ਇਲੈਵਨ ਅਤੇ ਇੰਡੀਅਨ ਰੇਲਵੇ ਤੇ ਏਅਰ ਇੰਡੀਆ ਵਿਚਾਲੇ ਸੈਮੀ ਫਾਈਨਲ ਮੁਕਾਬਲੇ ਮੰਗਲਵਾਰ ਨੂੰ ਹੋਣਗੇ। ਪਹਿਲੇ ਮੈਚ ਵਿੱਚ ਰੇਲਵੇ ਦੇ ਅਜਮੇਰ ਸਿੰਘ ਨੇ 19ਵੇਂ ਮਿੰਟ ਵਿੱਚ ਮੈਦਾਨੀ ਗੋਲ ਦਾਗ਼ ਕੇ ਖਾਤਾ ਖੋਲ੍ਹਿਆ। ਪਹਿਲੇ ਅੱਧ ਦੇ ਆਖ਼ਰੀ ਪੰਜ ਮਿੰਟਾਂ ਵਿੱਚ ਰੇਲਵੇ ਨੇ ਤਿੰਨ ਗੋਲ ਕਰਕੇ ਪੰਜਾਬ ਐਂਡ ਸਿੰਧ ਬੈਂਕ ਨੂੰ ਚਾਰੋ ਖਾਨੇ ਚਿੱਤ ਕਰ ਦਿੱਤਾ। ਇਸ ਤੋਂ ਬਾਅਦ ਅਜੀਤ ਕੁਮਾਰ ਪਾਂਡੇ (31ਵੇਂ ਮਿੰਟ), ਕਰਨਪਾਲ ਸਿੰਘ (34ਵੇਂ ਮਿੰਟ) ਅਤੇ ਅਜਮੇਰ ਸਿੰਘ (35ਵੇਂ) ਨੇ ਲਗਾਤਾਰ ਤਿੰਨ ਗੋਲ ਦਾਗ਼ ਕੇ ਰੇਲਵੇ ਦਾ ਸਕੋਰ 4-0 ਕੀਤਾ। ਮੈਚ ਦੇ ਦੂਜੇ ਅੱਧ ਵਿੱਚ ਸ਼ੀਸ਼ੀ ਗੋਡਾ ਨੇ 42ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਲੀਡ 5-0 ਕਰ ਦਿੱਤੀ। ਪੰਜਾਬ ਐਂਡ ਸਿੰਧ ਬੈਂਕ ਵੱਲੋਂ ਮਨਿੰਦਰਜੀਤ ਸਿੰਘ ਨੇ 53ਵੇਂ ਮਿੰਟ ਵਿੱਚ ਗੋਲ ਦਾਗ਼ਿਆ, ਜੋ ਸਿਰਫ਼ ਹਾਰ ਦੇ ਫ਼ਰਕ ਨੂੰ ਹੀ ਘਟਾ ਸਕਿਆ। ਤੈਅ ਸਮੇਂ ਦੀ ਸਮਾਪਤੀ ਤੱਕ ਸਕੋਰ 5-1 ਰੇਲਵੇ ਦੇ ਹੱਕ ਵਿੱਚ ਰਿਹਾ। ਦੂਜਾ ਮੈਚ ਪੂਲ ‘ਏ’ ਵਿੱਚ ਪੰਜਾਬ ਪੁਲੀਸ ਅਤੇ ਕੈਗ ਦਿੱਲੀ ਵਿਚਾਲੇ ਕਾਫੀ ਤੇਜ਼ ਗਤੀ ਨਾਲ ਖੇਡਿਆ ਗਿਆ। ਮੈਚ ਦੇ 15ਵੇਂ ਮਿੰਟ ਵਿੱਚ ਪੰਜਾਬ ਪੁਲੀਸ ਦੇ ਬਲਵਿੰਦਰ ਸਿੰਘ ਨੇ ਮੈਦਾਨੀ ਗੋਲ ਨਾਲ ਖਾਤਾ ਖੋਲ੍ਹਿਆ। 23ਵੇਂ ਮਿੰਟ ਵਿੱਚ ਸੁਖਜੀਤ ਸਿੰਘ ਨੇ ਦੂਜਾ ਗੋਲ ਦਾਗ਼ਿਆ। ਦੂਜੇ ਅੱਧ ਦੇ 50ਵੇਂ ਮਿੰਟ ਵਿੱਚ ਬਲਵਿੰਦਰ ਸਿੰਘ ਨੇ ਤੀਜਾ ਗੋਲ ਕੀਤਾ, ਜਦੋਂਕਿ ਗਗਨਦੀਪ ਸਿੰਘ ਨੇ 52ਵੇਂ ਮਿੰਟ ਵਿੱਚ ਚੌਥਾ ਗੋਲ ਕਰਕੇ ਸਕੋਰ 4-0 ਕਰ ਦਿੱਤਾ। ਕੈਗ ਦਿੱਲੀ ਵੱਲੋਂ ਇੱਕਲੌਤਾ ਗੋਲ ਇਮਰਾਨ ਖ਼ਾਨ ਨੇ 69ਵੇਂ ਮਿੰਟ ਦਾਗ਼ਿਆ। ਫਿਰ ਵੀ ਉਹ 1-4 ਨਾਲ ਹਾਰ ਗਈ। ਬਾਬਾ ਤਰਵਿੰਦਰ ਸਿੰਘ ਕਾਹਨਾ ਢੇਸੀਆਂ ਨੇ ਟੂਰਨਾਮੈਂਟ ਦੀ ਉਪ ਜੇਤੂ ਟੀਮ ਨੂੰ ਢਾਈ ਲੱਖ ਰੁਪਏ ਦਾ ਚੈਕ ਭੇਂਟ ਕੀਤਾ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਵਿਧਾਇਕ ਸੁਸ਼ੀਲ ਰਿੰਕੂ, ਬਾਬਾ ਤਰਵਿੰਦਰ ਸਿੰਘ ਕਾਹਨਾ ਢੇਸੀਆਂ, ਅਜੇ ਬਰਮਾਨੀ ਪੰਜਾਬ ਐਂਡ ਸਿੰਘ ਬੈਂਕ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।