ਸਪੀਕਰ ਨੇ ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਵਜੋਂ ਮਾਨਤਾ ਦਿੱਤੀ

ਪੈਟਰੋਲੀਅਮ ਮੰਤਰੀ ਰਣਤੁੰਗੇ ਦੇ ਅੰਗ ਰੱਖਿਅਕਾਂ ਨੇ ਭੀੜ ’ਤੇ ਗੋਲੀ ਚਲਾਈ; ਇਕ ਹਲਾਕ

ਸ੍ਰੀਲੰਕਾ ਦੀ ਪਾਰਲੀਮੈਂਟ ਦੇ ਸਪੀਕਰ ਨੇ ਅੱਜ ਰਨੀਲ ਵਿਕਰਮਸਿੰਘੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਮਾਨਤਾ ਦਿੱਤੀ ਹੈ ਤੇ ਕਿਹਾ ਕਿ ਦੇਸ਼ ਦੇ ਲੋਕਤੰਤਰ ਦੀ ਰਾਖੀ ਤੇ ਚੰਗੇ ਸ਼ਾਸਨ ਦਾ ਫ਼ਤਵਾ ਉਨ੍ਹਾਂ ਨੂੰ ਹੀ ਦਿੱਤਾ ਗਿਆ ਸੀ। ਇਸ ਨਾਲ ਯੂਐਨਪੀ ਆਗੂ ਨੂੰ ਵੱਡੀ ਰਾਹਤ ਮਿਲੀ ਹੈ ਜਿਨ੍ਹਾਂ ਨੂੰ ਲੰਘੇ ਸ਼ੁੱਕਰਵਾਰ ਦੀ ਰਾਤ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਬਰਖ਼ਾਸਤ ਕਰ ਕੇ ਉਨ੍ਹਾਂ ਦੀ ਥਾਂ ਮਹਿੰਦਾ ਰਾਜਪਕਸੇ ਨੂੰ ਨਵਾਂ ਪ੍ਰਧਾਨ ਮੰਤਰੀ ਥਾਪ ਦਿੱਤਾ ਸੀ। ਇਸ ਦੌਰਾਨ ਕੋਲੰਬੋ ਵਿਚ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਹਲਾਕ ਅਤੇ ਦੋ ਜ਼ਖ਼ਮੀ ਹੋ ਗਏ ਹਨ। ਪੈਟਰੋਲੀਅਮ ਮੰਤਰੀ ਅਰਜੁਨ ਰਣਤੁੰਗੇ ਦੇ ਅੰਗ ਰੱਖਿਅਕਾਂ ਨੇ ਕੈਬਨਿਟ ਮੰਤਰੀਆਂ ਦਾ ਘਿਰਾਓ ਕਰਨ ਵਾਲੀ ਰਾਸ਼ਟਰਪਤੀ ਸਿਰੀਸੇਨਾ ਦੇ ਹਮਾਇਤੀਆਂ ਦੀ ਭੀੜ ’ਤੇ ਗੋਲੀ ਚਲਾ ਦਿੱਤੀ। ਉਧਰ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੂੰ ਵਧਾਈ ਦਿੱਤੀ ਹੈ। ਸ੍ਰੀਲੰਕਾ ਵਿਚ ਚੀਨ ਦੇ ਰਾਜਦੂਤ ਚੇਂਗ ਸਿਊਯੁਆਨ ਨੇ ਸ੍ਰੀ ਰਾਜਪਕਸੇ ਨਾਲ ਮੁਲਾਕਾਤ ਕਰ ਕੇ ਚੀਨੀ ਸਦਰ ਦੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਬਾਅਦ ਵਿਚ ਚੀਨੀ ਰਾਜਦੂਤ ਨੇ ਸ੍ਰੀ ਵਿਕਰਮਸਿੰਘੇ ਨਾਲ ਵੀ ਮੁਲਾਕਾਤ ਕੀਤੀ। ਸਪੀਕਰ ਕਾਰੂ ਜੈਸੂਰੀਆ ਨੇ ਸ੍ਰੀ ਸਿਰੀਸੇਨਾ ਨੂੰ ਪੱਤਰ ਲਿਖ ਕੇ ਪਾਰਲੀਮੈਂਟ ਨੂੰ 16 ਨਵੰਬਰ ਤੱਕ ਮੁਅੱਤਲ ਕਰਨ ਦੇ ਰਾਸ਼ਟਰਪਤੀ ਅਧਿਕਾਰ ’ਤੇ ਵੀ ਕਿੰਤੂ ਕੀਤਾ ਹੈ ਤੇ ਕਿਹਾ ਕਿ ਇਸ ਦੇ ‘ਗੰਭੀਰ ਤੇ ਅਣਚਾਹੇ ਨਤੀਜੇ’ ਨਿਕਲ ਸਕਦੇ ਹਨ। ਉਨ੍ਹਾਂ ਰਾਸ਼ਟਰਪਤੀ ਨੂੰ ਸਰਕਾਰ ਦੇ ਨੇਤਾ ਵਜੋਂ ਸ੍ਰੀ ਵਿਕਰਮਸਿੰਘੇ ਦੇ ਵਿਸ਼ੇਸ਼ ਅਧਿਕਾਰ ਬਹਾਲ ਕਰਨ ਦੀ ਮੰਗ ਕੀਤੀ ਹੈ। ਸ੍ਰੀ ਜੈਸੂਰਿਆ ਨੇ ਕਿਹਾ ਕਿ ਪਾਰਲੀਮੈਂਟ ਦੇ ਸੈਸ਼ਨ ਬਾਰੇ ਕੋਈ ਵੀ ਫ਼ੈਸਲਾ ਸਪੀਕਰ ਨਾਲ ਸਲਾਹ ਮਸ਼ਵਰਾ ਕਰ ਕੇ ਹੀ ਲਿਆ ਜਾ ਸਕਦਾ ਹੈ। ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਕਿਹਾ ਕਿ ਰਨੀਲ ਵਿਕਰਮਸਿੰਘੇ ਨੂੰ ਉਨ੍ਹਾਂ ਦੇ ਅੜੀਅਲ ਵਿਹਾਰ ਕਾਰਨ ਬਰਖਾਸਤ ਕੀਤਾ ਗਿਆ ਹੈ ਤੇ ਸ੍ਰੀ ਰਾਜਪਕਸੇ ਦੀ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਸੰਵਿਧਾਨਕ ਨੇਮਾਂ ਮੁਤਾਬਕ ਪੂਰੀ ਤਰ੍ਹਾਂ ਸਹੀ ਹੈ। ਸਮੀਖਿਆਕਾਰਾਂ ਦਾ ਕਹਿਣਾ ਹੈ ਕਿ ਰਾਜਪਕਸੇ ਦੇ ਨਾਲ 99 ਮੈਂਬਰ ਹਨ ਤੇ ਸਰਕਾਰ ਚਲਾਉਣ ਲਈ 14 ਹੋਰ ਮੈਂਬਰਾਂ ਦੀ ਲੋੜ ਪਵੇਗੀ ਜਦਕਿ ਵਿਕਰਮਸਿੰਘੇ ਦੇ ਹੱਕ ਵਿਚ 105 ਮੈਂਬਰ ਹਨ ਜਿਨ੍ਹਾਂ ਨੂੰ ਅੱਠ ਹੋਰ ਮੈਂਬਰਾਂ ਦੀ ਲੋੜ ਪਵੇਗੀ।