ਕੈਗ ਦਿੱਲੀ ਨੇ ਇੰਡੀਅਨ ਨੇਵੀ ਨੂੰ ਬਰਾਬਰੀ ’ਤੇ ਰੋਕਿਆ

ਸੀਏਜੀ (ਕੈਗ) ਦਿੱਲੀ ਨੇ ਇੰਡੀਅਨ ਨੇਵੀ ਮੁੰਬਈ ਨੂੰ 3-3 ਗੋਲਾਂ ਦੀ ਰੋਕ ਦਿੱਤਾ, ਜਿਸ ਕਾਰਨ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਵੰਡਣਾ ਪਿਆ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ 35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਦਾ ਪਹਿਲਾ ਮੈਚ ਕਾਫੀ ਸੰਘਰਸ਼ਪੂਰਨ ਰਿਹਾ। ਇੰਡੀਅਨ ਨੇਵੀ ਨੇ ਲੀਗ ਦੌਰ ਵਿੱਚ ਲਗਾਤਾਰ ਦੂਜਾ ਮੈਚ ਡਰਾਅ ਖੇਡਿਆ। ਬੀਤੇ ਦਿਨ ਭਾਰਤੀ ਨੇਵੀ ਅਤੇ ਪੰਜਾਬ ਪੁਲੀਸ ਵੀ 3-3 ਦੀ ਬਰਾਬਰੀ ’ਤੇ ਰਹੀਆਂ ਸਨ। ਇਸ ਪੂਲ ਦੀ ਜੇਤੂ ਟੀਮ ਦਾ ਫ਼ੈਸਲਾ 29 ਅਕਤੂਬਰ ਨੂੰ ਪੰਜਾਬ ਪੁਲੀਸ ਅਤੇ ਸੀਏਜੀ ਦਿੱਲੀ ਦਰਮਿਆਨ ਹੋਣ ਵਾਲੇ ਮੈਚ ਤੋਂ ਬਾਅਦ ਹੋਵੇਗਾ। ਦਿਨ ਦਾ ਦੂਜਾ ਮੈਚ ਆਰਮੀ ਇਲੈਵਨ ਅਤੇ ਇੰਡੀਅਨ ਏਅਰ ਫੋਰਸ ਵਿਚਾਲੇ 2-2 ਗੋਲਾਂ ਦੀ ਬਰਾਬਰੀ ’ਤੇ ਰਿਹਾ। ਦੋਵਾਂ ਟੀਮਾਂ ਨੂੰ 1-1 ਅੰਕ ਨਾਲ ਸਬਰ ਕਰਨਾ ਪਿਆ। ਪਹਿਲਾ ਮੈਚ ਪੂਲ ‘ਏ’ ਵਿੱਚ ਇੰਡੀਅਨ ਨੇਵੀ ਮੁੰਬਈ ਅਤੇ ਸੀਏਜੀ ਦਿੱਲੀ ਵਿਚਾਲੇ ਖੇਡਿਆ ਗਿਆ। ਖੇਡ ਦੇ 5ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਪਵਨ ਰਾਜਬਹਾਰ ਨੇ ਮੈਦਾਨੀ ਗੋਲ ਦਾਗ਼ ਕੇ ਆਪਣੇ ਇਰਾਦੇ ਸਪੱਸ਼ਟ ਕੀਤੇ। ਦੋ ਮਿੰਟ ਬਾਅਦ ਹੀ ਇੰਡੀਅਨ ਨੇਵੀ ਦੇ ਸੰਨੀ ਮਲਿਕ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਖੇਡ ਦੇ 29ਵੇਂ ਮਿੰਟ ਵਿੱਚ ਸੀਏਜੀ ਦਿੱਲੀ ਦੇ ਇਮਰਾਨ ਖਾਨ ਨੇ ਮੈਦਾਨੀ ਗੋਲ ਕਰਕੇ ਗੋਲਾਂ ਦਾ ਅੰਤਰ ਘੱਟ ਕਰਕੇ 1-2 ਕੀਤਾ। ਅੱਧੇ ਸਮੇਂ ਤੋਂ ਬਾਅਦ ਸੀਏਜੀ ਦਿੱਲੀ ਨੇ ਸ਼ਾਨਦਾਰ ਵਾਪਸੀ ਕੀਤੀ। 45ਵੇਂ ਮਿੰਟ ਵਿੱਚ ਸੀਏਜੀ ਦੇ ਮਿਥਲੇਸ਼ ਕੁਮਾਰ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ’ਤੇ ਲਿਆ ਖੜ੍ਹਾ ਕੀਤਾ। ਖੇਡ ਦੇ 49ਵੇਂ ਮਿੰਟ ਵਿੱਚ ਸੀਏਜੀ ਦੇ ਟੋਫਿਲ ਖਜੂਰ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 3-2 ਦੀ ਲੀਡ ਦੁਆਈ। ਖੇਡ ਦੇ ਅੰਤਿਮ ਮਿੰਟ ਵਿੱਚ ਭਾਰਤੀ ਨੇਵੀ ਦੇ ਜੁਗਰਾਜ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 3-3 ਕਰਕੇ ਬਰਾਬਰੀ ਕੀਤੀ। ਦੂਜੇ ਮੈਚ ਵਿੱਚ ਆਰਮੀ ਇਲੈਵਨ ਅਤੇ ਇੰਡੀਅਨ ਏਅਰ ਫੋਰਸ ਨੇ ਤੇਜ਼ ਤਰਾਰ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ 7ਵੇਂ ਮਿੰਟ ਵਿੱਚ ਏਅਰ ਫੋਰਸ ਦੇ ਹਰਵੰਤ ਸਿੰਘ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। 15ਵੇਂ ਮਿੰਟ ਵਿੱਚ ਆਰਮੀ ਦੇ ਸਿਰਾਜੂ ਨੇ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 27ਵੇਂ ਮਿੰਟ ਵਿੱਚ ਆਰਮੀ ਦੇ ਪ੍ਰਤਾਪ ਸ਼ਿੰਦੇ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-1 ਕੀਤਾ। ਦੂਜੇ ਅੱਧ ਦੇ 55ਵੇਂ ਮਿੰਟ ਵਿੱਚ ਏਅਰ ਫੋਰਸ ਦੇ ਦਮਨ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕੀਤੀ। ਮੈਚ ਬਰਾਬਰ ਰਹਿਣ ਕਰਕੇ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਰਮੇਸ਼ ਮਿੱਤਲ, ਏਡੀਸੀ ਜਸਬੀਰ ਸਿੰਘ, ਸੁਖਜੀਤ ਸਿੰਘ ਚੀਮਾ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਤਰਲੋਕ ਸਿੰਘ ਭੁੱਲਰ ਕੈਨੇਡਾ, ਏਡੀਸੀ ਲੁਧਿਆਣਾ ਇਕਬਾਲ ਸਿੰਘ ਸੰਧੂ, ਗੁਰਚਰਨ ਸਿੰਘ ਏਅਰ ਇੰਡੀਆ, ਜਰਨੈਲ ਸਿੰਘ ਕੁਲਾਰ, ਓਲੰਪੀਅਨ ਸੰਜੀਵ ਕੁਮਾਰ, ਸੁਰਿੰਦਰ ਸਿੰਘ, ਜੀਐਸ ਸੰਘਾ, ਨਰਿੰਦਰਪਾਲ ਸਿੰਘ, ਤਰਸੇਮ ਸਿੰਘ ਪੁਆਰ, ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ, ਐਲਆਰ ਨਈਅਰ ਅਤੇ ਬਹੁਤ ਸਾਰੇ ਕੌਮੀ ਅਤੇ ਕੌਮਾਂਤਰੀ ਖਿਡਾਰੀ ਹਾਜ਼ਰ ਸਨ।