ਭਾਰਤ ਤੇ ਵਿੰਡੀਜ਼ ਵਿਚਾਲੇ ਤੀਜੀ ਟੱਕਰ ਅੱਜ

ਵੈਸਟ ਇੰਡੀਜ਼ ਦੇ ਜੁਝਾਰੂ ਪ੍ਰਦਰਸ਼ਨ ਦੀ ਬਦੌਲਤ ਦੂਜਾ ਮੁਕਾਬਲਾ ਟਾਈ ਰਹਿਣ ਮਗਰੋਂ ਭਾਰਤੀ ਕ੍ਰਿਕਟ ਟੀਮ ਸ਼ਨਿਚਰਵਾਰ ਨੂੰ ਪੰਜ ਕੌਮਾਂਤਰੀ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿੱਚ ਉਤਰੇਗੀ। ਭਾਰਤ ਦਾ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬਮਰਾਹ ਦੀ ਵਾਪਸੀ ਨਾਲ ਗੇਂਦਬਾਜ਼ੀ ਵਿੱਚ ਬਿਹਤਰ ਪ੍ਰਦਰਸ਼ਨ ਕਰਕੇ ਲੀਡ ਦੁੱਗਣੀ ਕਰਨ ’ਤੇ ਜ਼ੋਰ ਹੋਵੇਗਾ। ਭਾਰਤ ਨੇ ਪਹਿਲੇ ਮੈਚ ਵਿੱਚ ਵੈਸਟ ਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ, ਜਦੋਂਕਿ ਵਿਸਾਖਾਪਟਨਮ ਵਿੱਚ ਦੂਜਾ ਇੱਕ ਰੋਜ਼ਾ ਮੁਕਾਬਲਾ ਵੈਸਟ ਇੰਡੀਜ਼ ਨੇ ਆਖ਼ਰੀ ਗੇਂਦ ’ਤੇ ਟਾਈ ਕਰਵਾ ਲਿਆ।
ਭੁਵਨੇਸ਼ਵਰ ਅਤੇ ਬਮਰਾਹ ਦੀ ਗੈਰ-ਮੌਜੂਦਗੀ ਵਿੱਚ ਭਾਰਤ ਨੇ ਦੋਵਾਂ ਮੈਚਾਂ ਵਿੱਚ ਕੈਰੇਬਿਆਈ ਟੀਮ ਨੂੰ 321 ਦੌੜਾਂ ਦਾ ਟੀਚਾ ਦਿੱਤਾ ਸੀ। ਹੁਣ ਦੋਵਾਂ ਦੀ ਵਾਪਸੀ ਨਾਲ ਭਾਰਤ ਕੋਲ ਪਾਵਰਪਲੇਅ ਅਤੇ ਡੈੱਥ ਓਵਰਾਂ ਵਿੱਚ ਪ੍ਰਦਰਸ਼ਨ ਬਿਹਤਰ ਕਰਨ ਦਾ ਮੌਕਾ ਹੋਵੇਗਾ। ਇੰਗਲੈਂਡ ਵਿੱਚ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੇ ਸਿਰਫ਼ 16 ਇੱਕ ਰੋਜ਼ਾ ਮੈਚ ਹੋਰ ਖੇਡਣੇ ਹਨ। ਅਜਿਹੇ ਹਾਲਾਤ ਵਿੱਚ ਮੱਧ ਕ੍ਰਮ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦਾ ਲਗਾਤਾਰ ਖ਼ਰਾਬ ਪ੍ਰਦਰਸ਼ਨ ਕਪਤਾਨ ਵਿਰਾਟ ਕੋਹਲੀ ਲਈ ਇੱਕ ਚੁਣੌਤੀ ਦੀ ਤਰ੍ਹਾਂ ਹੈ।
ਭਾਰਤੀ ਟੀਮ, ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਇੱਕ ਰੋਜ਼ਾ ਵਿੱਚ ਸਭ ਤੋਂ ਤੇਜ਼ ਦਸ ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਕੋਹਲੀ ਦੇ ਪ੍ਰਦਰਸ਼ਨ ਦੁਆਲੇ ਹੀ ਕੇਂਦਰਿਤ ਰਹੀ ਹੈ। ਉਸ ਨੇ ਲਗਾਤਾਰ ਦੋ ਸੈਂਕੜੇ (140 ਦੌੜਾਂ ਅਤੇ ਨਾਬਾਦ 157 ਦੌੜਾਂ) ਹੁਣ ਤੱਕ ਕੁੱਲ 297 ਦੌੜਾਂ ਬਣਾਈਆਂ ਹਨ। ਉਸ ਦੀਆਂ ਨਜ਼ਰਾਂ ਵੱਡੀ ਪਾਰੀ ਖੇਡਣ ’ਤੇ ਹੋਣਗੀਆਂ।
ਦੂਜੇ ਪਾਸੇ, ਅੰਬਾਤੀ ਰਾਇਡੂ ਨੇ 73 ਦੌੜਾਂ ਬਣਾ ਕੇ ਚੌਥੇ ਨੰਬਰ ’ਤੇ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਹੁਣ ਪੰਜਵੇਂ, ਛੇਵੇਂ ਅਤੇ ਸੱਤਵੇਂ ਨੰਬਰ ਦੀ ਬੱਲੇਬਾਜ਼ੀ ਵਿੱਚ ਸੁਧਾਰ ਦੀ ਲੋੜ ਹੈ। ਮਹਿੰਦਰ ਸਿੰਘ ਧੋਨੀ (20 ਦੌੜਾਂ) ਦੂਜੇ ਇੱਕ ਰੋਜ਼ਾ ਵਿੱਚ ਵੀ ਨਹੀਂ ਚੱਲ ਸਕਿਆ ਅਤੇ ਉਸ ’ਤੇ ਆਪਣੀ ਸ਼ਾਨਦਾਰ ਪਾਰੀ ਖੇਡਣ ਦਾ ਕਾਫੀ ਦਬਾਅ ਰਹੇਗਾ। ਰਿਸ਼ਭ ਪੰਤ ਤੋਂ ਵੀ ਵੱਡੀ ਪਾਰੀ ਦੀ ਉਮੀਦ ਰਹੇਗੀ ਅਤੇ ਟੀਮ ਪ੍ਰਬੰਧਨ ਨੇ ਵੀ ਉਸ ’ਤੇ ਭਰੋਸਾ ਰੱਖਿਆ ਹੈ।