ਖਸ਼ੋਗੀ ਦੇ ਪੁੱਤਰ ਨੇ ਸਾਊਦੀ ਅਰਬ ਛੱਡਿਆ

ਸਾਊਦੀ ਅਰਬ ਸਰਕਾਰ ਵੱਲੋਂ ਯਾਤਰਾ ’ਤੇ ਲਾਈ ਗਈ ਪਾਬੰਦੀ ਹਟਾ ਦਿੱਤੇ ਜਾਣ ਮਗਰੋਂ ਤੇ ਅਮਰੀਕਾ ਜਾਣ ਦੀ ਇਜਾਜ਼ਤ ਦਿੱਤੇ ਜਾਣ ਮਗਰੋਂ ਕਤਲ ਕੀਤੇ ਗਏ ਪੱਤਰਕਾਰ ਜਮਾਲ ਖਸ਼ੋਗੀ ਦੇ ਪੁੱਤਰ ਨੇ ਸਾਊਦੀ ਅਰਬ ਛੱਡ ਦਿੱਤਾ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੌਬਰਟ ਪਲਾਡਿਨੋ ਨੇ ਕਿਹਾ ਕਿ ਅਮਰੀਕਾ ਸਲਾਹ ਖਸ਼ੋਗੀ ਤੇ ਉਸ ਦੇ ਪਰਿਵਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਾ ਹੈ। ਖਸ਼ੋਗੀ ਦੇ ਕਤਲ ਕਾਰਨ ਕੌਮਾਂਤਰੀ ਪੱਧਰ ’ਤੇ ਪੈਦਾ ਹੋਏ ਵਿਵਾਦ ਦੇ ਦਰਮਿਆਨ ਇਹ ਕਦਮ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਤੁਰਕੀ ਦੇ ਇਸਤੰਬੁਲ ਸਥਿਤ ਸਾਉਦੀ ਅਰਬ ਦੇ ਦੂਤਾਵਾਸ ’ਚ ਦੋ ਅਕਤੂਬਰ ਨੂੰ ਖਸ਼ੋਗੀ ਦਾ ਕਤਲ ਕਰ ਦਿੱਤਾ ਗਿਆ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਹਾਲ ਹੀ ’ਚ ਸਾਊਦੀ ਅਰਬ ਦੀ ਯਾਤਰਾ ਦੌਰਾਨ ਖਸ਼ੋਗੀ ਦੇ ਬੇਟੇ ਸਲਾਹ ਖਸ਼ੋਗੀ ਦੇ ਮਾਮਲੇ ਦੀ ਚਰਚਾ ਕੀਤੀ ਸੀ। ਉਨ੍ਹਾਂ ਇਹ ਸਪੱਸ਼ਟ ਕੀਤਾ ਸੀ ਕਿ ਵਾਸ਼ਿੰਗਟਨ ਚਾਹੁੰਦਾ ਹੈ ਕਿ ਸਲਾਹ ਅਮਰੀਕਾ ਮੁੜ ਜਾਵੇ। ਪਲਾਡਿਨੋ ਨੇ ਕਿਹਾ, ‘ਸਾਨੂੰ ਖੁਸ਼ੀ ਹੈ ਕਿ ਹੁਣ ਉਹ (ਸਲਾਹ) ਅਜਿਹਾ ਕਰ ਸਕਦਾ ਹੈ।’
ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਦਿਨੀ ਖਸ਼ੋਗੀ ਦੇ ਪੁੱਤਰ ਨਾਲ ਸ਼ਹਿਜ਼ਾਦੇ ਨੇ ਮੁਲਾਕਾਤ ਕਰ ਕੇ ਦੁਖ ਜ਼ਾਹਰ ਕੀਤਾ ਸੀ। ਪਲਾਡਿਨੋ ਨੇ ਕਿਹਾ ਕਿ ਪੌਂਪੀਓ ਨੇ ਤੁਰਕੀ ਤੋਂ ਮੁੜਨ ਮਗਰੋਂ ਸੀਆਈਏ ਦੇ ਡਾਇਰੈਕਟਰ ਨੂੰ ਜਮਾਲ ਖਸ਼ੋਗੀ ਦੀ ਮੌਤ ਸਬੰਧੀ ਵੇਰਵੇ ਦਿੱਤੇ ਸਨ ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਸਬੰਧੀ ਕੋਈ ਵੀ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਖ਼ਿਲਾਫ਼ ਕਾਲਮ ਲਿਖਣ ਵਾਲੇ ਜਮਾਲ ਖਸ਼ੋਗੀ ਦਾ ਸਾਊਦੀ ਅਰਬ ਦੇ ਦੂਤਾਵਾਸ ’ਚ ਕਤਲ ਕਰ ਦਿੱਤਾ ਗਿਆ ਸੀ ਤੇ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਉਸ ਨੂੰ ਸਾਊਦੀ ਸ਼ਾਹੀ ਹਕੂਮਤ ਨੇ ਕਤਲ ਕਰਵਾਇਆ ਹੈ।