ਸਾਊਦੀ ਅਰਬ ਨੇ ਖ਼ਸ਼ੋਗੀ ਦੇ ਕਤਲ ਤੋਂ ਪਹਿਲਾਂ ਸਾਜ਼ਿਸ਼ ਘੜੀ: ਅਰਦੋਜਾਂ

ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤਇਪ ਅਰਦੋਜਾਂ ਨੇ ਪੱਤਰਕਾਰ ਜਮਾਲ ਖ਼ਸ਼ੋਗੀ ਦੇ ਕਤਲ ਮਾਮਲੇ ’ਚ ਅੱਜ ਨਵਾਂ ਖੁਲਾਸਾ ਕਰਦਿਆਂ ਕਿਹਾ ਕਿ ਇਸਤੰਬੁਲ ਸਥਿਤ ਸਾਊਦੀ ਕੌਂਸੁਲੇਟ ਦੇ ਅਧਿਕਾਰੀ ਖ਼ਸ਼ੋਗੀ ਨੂੰ ਸਫ਼ਾਰਤਖਾਨੇ ਵਿੱਚ ਸੱਦ ਕੇ ਕਤਲ ਕਰਨ ਤੋਂ ਪਹਿਲਾਂ ਕਈ ਦਿਨਾਂ ਤਕ ਇਸ ਕਤਲ ਦੀ ਸਾਜ਼ਿਸ਼ ਘੜਦੇ ਰਹੇ ਸਨ। ਤੁਰਕੀ ਸਦਰ ਦਾ ਇਹ ਬਿਆਨ ਸਾਊਦੀ ਅਰਬ ਦੀ ਉਸ ਸਫ਼ਾਈ ਦੇ ਬਿਲਕੁਲ ਉਲਟ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੱਤਰਕਾਰ ਸਫ਼ਾਰਤਖਾਨੇ ਵਿੱਚ ਹੋਏ ਝਗੜੇ ਦੌਰਾਨ ਗ਼ਲਤੀ ਨਾਲ ਮਾਰਿਆ ਗਿਆ ਸੀ। ਸ੍ਰੀ ਅਰਦੋਜਾਂ ਨੇ ਮੰਗ ਕੀਤੀ ਕਿ ਸਾਊਦੀ ਸਲਤਨਤ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਜੱਗ ਜ਼ਾਹਿਰ ਕਰੇ। ਇਸ ਦੌਰਾਨ ਅਮਰੀਕੀ ਸਦਰ ਡੋਨਲਡ ਟਰੰਪ ਨੇ ਖਸ਼ੋਗੀ ਮੌਤ ਮਾਮਲੇ ਵਿੱਚ ਵਧੇਰੇ ਜਾਣਕਾਰੀ ਇਕੱਤਰ ਕਰਨ ਲਈ ਸੀਆਏਏ ਡਾਇਰੈਕਟਰ ਗਿਨਾ ਹਾਸਪੈੱਲ ਨੂੰ ਤੁਰਕੀ ਭੇਜ ਦਿੱਤਾ ਹੈ। ਟਰੰਪ ਨੇ ਕਿਹਾ ਸੀ ਕਿ ਉਹ ਰਿਆਧ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਸੰਤੁਸ਼ਟ ਨਹੀਂ ਹਨ। ਉਧਰ ਸਾਊਦੀ ਸੁਲਤਾਨ ਸਲਮਾਨ ਤੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਖ਼ਸ਼ੋਗੀ ਦੇ ਪੁੱਤ ਸਾਲਾਹ ਤੇ ਭਰਾ ਸਾਹਿਲ ਨਾਲ ਸ਼ਾਹੀ ਪੈਲੇਸ ਵਿੱਚ ਮੁਲਾਕਾਤ ਕੀਤੀ। ਸ੍ਰੀ ਅਰਦੋਜਾਂ ਨੇ ਸੰਸਦ ਵਿੱਚ ਸੱਤਾਧਾਰੀ ਪਾਰਟੀ ਦੇ ਕਾਨੂੰਨਘਾੜਿਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਜਿਹੇ ਹਾਦਸੇ ਲਈ ਕੁਝ ਮੁੱਠੀ ਭਰ ਸਲਾਮਤੀ ਦਸਤਿਆਂ ਤੇ ਸੂਹੀਆ ਮੈਂਬਰਾਂ ਸਿਰ ਭਾਂਡਾ ਭੰਨਣ ਨਾਲ ਨਾ ਤਾਂ ਸਾਨੂੰ ਅਤੇ ਨਾ ਹੀ ਕੌਮਾਂਤਰੀ ਭਾਈਚਾਰੇ ਨੂੰ ਸੰਤੁਸ਼ਟ ਕੀਤਾ ਜਾ ਸਕਦਾ ਹੈ।’ ਤੁਰਕੀ ਸਦਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਊਦੀ ਅਰਬ ਇਸ ਕੇਸ ਵਿੱਚ ਹਿਰਾਸਤ ’ਚ ਲਏ ਗਏ 18 ਮਸ਼ਕੂਕਾਂ ਖਿਲਾਫ਼ ਤੁਰਕੀ ਦੀਆਂ ਅਦਾਲਤਾਂ ਵਿੱਚ ਹੱਤਿਆ ਦੇ ਦੋਸ਼ਾਂ ਤਹਿਤ ਕੇਸ ਚਲਾਉਣ ਦੀ ਇਜਾਜ਼ਤ ਦੇਵੇ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਪੱਤਰਕਾਰ ਜਮਾਲ ਖ਼ਸ਼ੋਗੀ ਦੀ ਮੌਤ ਮਾਮਲੇ ਦੀ ਰਿਆਧ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਸੰਤੁਸ਼ਟ ਨਹੀਂ ਹਨ। -ਏਪੀ