
ਓਡੈਂਸੇ (ਡੈਨਮਾਰਕ), 19 ਅਕਤੂਬਰ
ਕਿਦੰਬੀ ਸ੍ਰੀਕਾਂਤ ਨੇ ਆਪਣੇ ਕਰੀਅਰ ਵਿੱਚ ਦੂਜੀ ਵਾਰ ਲਿਨ ਡਾਨ ਨੂੰ ਹਰਾ ਕੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ, ਜਿੱਥੇ ਉਸ ਦਾ ਸਾਹਮਣਾ ਹਮਵਤਨ ਸਮੀਰ ਵਰਮਾ ਨਾਲ ਹੋਵੇਗਾ।
ਵਿਸ਼ਵ ਵਿੱਚ ਛੇਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਵਿੱਚ 14ਵੇਂ ਨੰਬਰ ਦੇ ਡਾਨ ਤੋਂ ਦੂਜੇ ਗੇੜ ਦੇ ਮੈਚ ਵਿੱਚ ਪਹਿਲੀ ਗੇਮ ਹਾਰਨ ਮਗਰੋਂ ਵਾਪਸੀ ਕਰਕੇ 18-21, 21-17, 21-16 ਨਾਲ ਜਿੱਤ ਦਰਜ ਕੀਤੀ। ਦੋ ਵਾਰ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਅਤੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਡਾਨ ਵਿੱਚ ਹੁਣ ਪਹਿਲਾਂ ਵਾਲੀ ਲੈਅ ਨਹੀਂ ਰਹੀ, ਪਰ ਫਿਰ ਵੀ ਉਸ ਨੂੰ ਮਜ਼ਬੂਤ ਖਿਡਾਰੀ ਮੰਨਿਆ ਜਾਂਦਾ ਹੈ। ਸ੍ਰੀਕਾਂਤ ਅਤੇ ਡਾਨ ਵਿਚਾਲੇ ਇਹ ਪੰਜਵਾਂ ਮੁਕਾਬਲਾ ਸੀ।
ਚੀਨੀ ਖਿਡਾਰੀ ਨੇ ਇਨ੍ਹਾਂ ਦੋਵਾਂ ਵਿਚਾਲੇ ਰੀਓ ਓਲੰਪਿਕ 2016 ਦੇ ਕੁਆਰਟਰ ਫਾਈਨਲ ਵਿੱਚ ਖੇਡਿਆ ਗਿਆ ਮੈਚ ਜਿੱਤਿਆ ਸੀ। ਸ੍ਰੀਕਾਂਤ ਨੇ 2014 ਚਾਈਨਾ ਓਪਨ ਵਿੱਚ ਡਾਨ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਚੀਨੀ ਖਿਡਾਰੀ ਖ਼ਿਲਾਫ਼ ਸਖ਼ਤ ਮੁਕਾਬਲੇ ਮਗਰੋਂ ਸ੍ਰੀਲੰਕਾ ਦਾ ਸਾਹਮਣਾ ਹੁਣ ਹਮਵਤਨ ਵਰਮਾ ਨਾਲ ਹੋਵੇਗਾ।