ਪੰਜਾਬ ’ਚ ਸਹੂਲਤਾਂ ਨਾ ਹੋਣ ਕਾਰਨ ਹਰਿਆਣਾ ਵੱਲੋਂ ਖੇਡਿਆ: ਅਰਪਿੰਦਰ

ਜਕਾਰਤਾ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੀਹਰੀ ਛਾਲ ਦੇ ਅਥਲੀਟ ਅਰਪਿੰਦਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਵੱਲੋਂ ਖੇਡਣਾ ਚਾਹੁੰਦਾ ਸੀ ਅਤੇ ਕਈ ਵੱਡੇ ਮੁਕਾਬਲੇ ਵੀ ਖੇਡੇ, ਪਰ ਜੇ ਪੰਜਾਬ ਦਾ ਖੇਡ ਢਾਂਚਾ ਵਧੀਆ ਹੁੰਦਾ ਤਾਂ ਉਹ ਹਰਿਆਣਾ ਵੱਲੋਂ ਨਾ ਖੇਡਦਾ। ਇੱਥੇ ਇੱਕ ਪ੍ਰੋਗਰਾਮ ਵਿੱਚ ਪੁੱਜੇ ਅਰਪਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਨੇ 2007 ਤੋਂ 2016 ਤੱਕ ਸਕੂਲ ਖੇਡਾਂ ’ਚ ਕੌਮੀ ਪੱਧਰ ’ਤੇ ਪੰਜਾਬ ਦੀ ਹੀ ਪ੍ਰਤੀਨਿਧਤਾ ਕੀਤੀ ਹੈ। ਸੂਬੇ ਵਿੱਚ ਅਭਿਆਸ ਲਈ ਚੰਗੀਆਂ ਸਹੂਲਤਾਂ ਨਾ ਹੋਣ ਕਾਰਨ ਉਹ ਹਰਿਆਣਾ ਚਲਾ ਗਿਆ।
ਓਐਨਜੀਸੀ ’ਚ ਨੌਕਰੀ ਕਰਦੇ ਇਸ ਕੌਮਾਂਤਰੀ ਅਥਲੀਟ ਨੇ ਕਿਹਾ ਕਿ ਹੁਣ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ’ਚ ਬਣੀ ਨਵੀਂ ਖੇਡ ਨੀਤੀ ਤੋਂ ਖਿਡਾਰੀਆਂ ਨੂੰ ਬਿਹਤਰ ਮਾਹੌਲ ਮਿਲਣ ਦੀ ਆਸ ਬੱਝੀ ਹੈ। ਹਰਿਆਣਾ ਛੱਡ ਪੰਜਾਬ ਵੱਲੋਂ ਮੁੜ ਖੇਡਣ ਸਬੰਧੀ ਪੁੱਛੇ ਜਾਣ ’ਤੇ ਤੀਹਰੀ ਛਾਲ ਦੇ ਅਥੀਲਟ ਨੇ ਕਿਹਾ ਕਿ ਹੁਣ ਉਹ ਆਪਣੇ ਅਗਲੇ ਖੇਡ ਮੁਕਾਬਲੇ ਪੰਜਾਬ ਵੱਲੋਂ ਹੀ ਖੇਡੇਗਾ। ਉਸ ਨੇ ਕਿਹਾ ਕਿ ਖੇਡ ਮੰਤਰੀ ਨੇ ਉਸ ਨੂੰ ਪੰਜਾਬ ’ਚ ਨੌਕਰੀ ਦੇਣ ਦਾ ਵੀ ਭਰੋਸਾ ਦਿੱਤਾ ਹੈ।
ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਨਵਜੀਤ ਕੌਰ ਢਿੱਲੋਂ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਤੇਜਿੰਦਰਪਾਲ ਸਿੰਘ ਤੂਰ ਵੀ ਮੌਜੂਦ ਸਨ। ਚੇਨੱਈ ਵਿੱਚ ਆਮਦਨ ਕਰ ਵਿਭਾਗ ਵਿੱਚ ਨੌਕਰੀ ਕਰ ਰਹੀ ਨਵਜੀਤ ਕੌਰ ਨੇ ਮੰਗ ਕੀਤੀ ਕਿ ਪੰਜਾਬ ਦੇ ਖਿਡਾਰੀਆਂ ਨੂੰ ਸੂਬੇ ’ਚ ਹੀ ਨੌਕਰੀ ਮਿਲਣੀ ਚਾਹੀਦੀ ਹੈ। ਡਿਸਕਸ ਥਰੋਅ ਅਥਲੀਟ ਢਿੱਲੋਂ ਨੇ ਪੰਜਾਬ ’ਚ ਜ਼ਿਲ੍ਹਾ ਪੱਧਰ ’ਤੇ ਵੀ ਬਿਹਤਰ ਖੇਡ ਢਾਂਚਾ ਬਣਾਉਣ ਅਤੇ ਖੇਡ ਸੰਸਥਾਵਾਂ ਦੇ ਅਧਿਕਾਰੀ ਖਿਡਾਰੀਆਂ ਨੂੰ ਹੀ ਲਾਉਣ ਦੀ ਮੰਗ ਕੀਤੀ। ਉਸ ਨੇ ਦਲੀਲ ਦਿੱਤੀ ਕਿ ਅਜਿਹੇ ਅਧਿਕਾਰੀ ਹੀ ਖਿਡਾਰੀਆਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ।