ਕਸ਼ਿਅਪ ਦਾ ਪਾਸਪੋਰਟ ਗੁਆਚਿਆ, ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ

ਭਾਰਤੀ ਪੁਰਸ਼ ਸਿੰਗਲਜ਼ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਿਅਪ ਦਾ ਪਾਸਪੋਰਟ ਐਮਸਟਰਡਮ ਵਿੱਚ ਗੁਆਚ ਗਿਆ ਹੈ। ਉਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਅਪੀਲ ਕੀਤੀ ਹੈ। ਰਾਸ਼ਟਰਮੰਡਲ ਖੇਡਾਂ-2014 ਚੈਂਪੀਅਨ ਕਸ਼ਿਅਪ ਡੈਨਮਾਰਕ ਓਪਨ ਲਈ ਓਡੈਂਸੇ ਜਾ ਰਿਹਾ ਸੀ, ਪਰ ਬੀਤੀ ਰਾਤ ਐਮਸਟਰਡਮ ਵਿੱਚ ਉਸ ਦਾ ਪਾਸਪੋਰਟ ਗੁਆਚ ਗਿਆ। ਉਸ ਨੇ ਐਤਵਾਰ ਨੂੰ ਓਡੈਂਸੇ ਰਵਾਨਾ ਹੋਣਾ ਹੈ।
ਕਸ਼ਿਅਪ ਨੇ ਟਵਿੱਟਰ ’ਤੇ ਲਿਖਿਆ, ‘‘ਗੁੱਡ ਮਾਰਨਿੰਗ ਮੈਮ, ਮੇਰਾ ਪਾਸਪੋਰਟ ਕੱਲ੍ਹ ਰਾਤ ਐਮਸਟਰਡਮ ਵਿੱਚ ਗੁਆਚ ਗਿਆ। ਮੈਂ ਡੈਨਮਾਰਕ ਓਪਨ, ਫਰੈਂਚ ਓਪਨ ਅਤੇ ਸਾਰਲੋ ਓਪਨ ਲਈ ਜਾਣਾ ਹੈ। ਡੈੱਨਮਾਰਕ ਦਾ ਮੇਰਾ ਟਿਕਟ ਐਤਵਾਰ ਦਾ ਹੈ। ਮੈਂ ਤੁਹਾਡੇ ਤੋਂ ਮਦਦ ਦੀ ਅਪੀਲ ਕਰਦਾ ਹਾਂ।’’ ਉਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਅਤੇ ਭਾਰਤੀ ਬੈਡਮਿੰਟਨ ਸੰਘ ਦੇ ਪ੍ਰਧਾਨ ਹੇਮੰਤ ਵਿਸ਼ਵ ਸ਼ਰਮਾ ਨੂੰ ਵੀ ਟੈਗ ਕੀਤਾ ਹੈ।
ਕਸ਼ਿਅਪ ਦੇ ਟਵੀਟ ਮਗਰੋਂ ਵਿਦੇਸ਼ ਮੰਤਰਾਲੇ ਨੇ ਸਟਾਰ ਬੈਡਮਿੰਟਨ ਖਿਡਾਰੀ ਨੂੰ ਨੈਦਰਲੈਂਡ ਵਿੱਚ ਭਾਰਤੀ ਸਫ਼ਾਰਤਖ਼ਾਨੇ ਵਿੱਚ ਜਾ ਕੇ ਅਮਰ ਵਰਮਾ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।