ਸ਼ਾਸਤਰੀ ਸੰਗੀਤ ਦੀ ਮਲਿਕਾ ਅੰਨਪੂਰਨਾ ਦਾ ਦੇਹਾਂਤ

ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਮਲਿਕਾ ਅੰਨਪੂਰਨਾ ਦੇਵੀ ਦਾ ਇਥੋਂ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਅੱਜ ਦੇਹਾਂਤ ਹੋ ਗਿਆ। ਉਹ 92 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁਝ ਵਰ੍ਹਿਆਂ ਤੋਂ ਵਡੇਰੀ ਉਮਰ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ। ਹਸਪਤਾਲ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਤੜਕੇ 3:51 ਵਜੇ ’ਤੇ ਮ੍ਰਿਤਕ ਐਲਾਨਿਆ। ਪਦਮ ਭੂਸ਼ਨ ਨਾਲ ਸਨਮਾਨਿਤ ਅੰਨਪੂਰਨਾ ਨੂੰ ‘ਮਾਂ’ ਦੇ ਨਾਮ ਨਾਲ ਵੀ ਸੱਦਿਆ ਜਾਂਦਾ ਸੀ। ਉਨ੍ਹਾਂ ਦਾ ਜਨਮ ਉਸਤਾਦ ‘ਬਾਬਾ’ ਅਲਾਊਦੀਨ ਖ਼ਾਨ ਅਤੇ ਮਦੀਨਾ ਬੇਗ਼ਮ ਦੇ ਘਰ ਹੋਇਆ ਸੀ ਅਤੇ ਉਹ ਚਾਰ ਬੱਚਿਆਂ ’ਚੋਂ ਸਭ ਤੋਂ ਛੋਟੇ ਸਨ। ਅੰਨਪੂਰਨਾ ਦੇਵੀ ਫਾਊਂਡੇਸ਼ਨ, ਮੁੰਬਈ ਦੇ ਤਰਜਮਾਨ ਨੇ ਦੱਸਿਆ ਕਿ ਵਿਸ਼ਵ ਪ੍ਰਸਿੱਧ ਉਸਤਾਦ ਅਲੀ ਅਕਬਰ ਖ਼ਾਨ ਉਨ੍ਹਾਂ ਦੇ ਭਰਾ ਸਨ। ਅੰਨਪੂਰਨਾ ਦੇਵੀ ਆਪਣੇ ਪਿਤਾ ਦੇ ਸ਼ਾਗਿਰਦ ਸਨ ਜਿਨ੍ਹਾਂ ਦੇ ਯੋਗਦਾਨ ਸਦਕਾ ਸੇਨੀਆ-ਮਹੀਅਰ ਘਰਾਣਾ ਸਥਾਪਤ ਹੋਇਆ ਸੀ। ਉਨ੍ਹਾਂ ਪੰਜ ਸਾਲ ਦੀ ਉਮਰ ਤੋਂ ਸੰਗੀਤ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਸਿਤਾਰ ਮਗਰੋਂ ਸੁਰਬਹਾਰ ਨੂੰ ਆਪਣਾ ਸਾਜ਼ ਬਣਾਇਆ ਸੀ। ਉਨ੍ਹਾਂ ਜ਼ਿਆਦਾਤਰ ਸਮਾਂ ਥੋੜੇ ਜਿਹੇ ਬੱਚਿਆਂ ਨੂੰ ਸੰਗੀਤ ਸਿਖਾਉਣ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦਾ ਵਿਆਹ ਉੱਘੇ ਸਿਤਾਰ ਵਾਦਕ ਪੰਡਤ ਰਵੀ ਸ਼ੰਕਰ ਨਾਲ ਹੋਇਆ ਸੀ ਅਤੇ ਇਕ ਸਪੁੱਤਰ ਸ਼ੁਭੇਂਦਰ ‘ਸ਼ੁਭੋ’ ਸ਼ੰਕਰ ਸੀ ਜਿਸ ਦਾ 1992 ’ਚ ਦੇਹਾਂਤ ਹੋ ਗਿਆ ਸੀ। 1982 ’ਚ ਉਨ੍ਹਾਂ ਮੈਨੇਜਮੈਂਟ ਕੰਸਲਟੈਂਟ ਰੂਸ਼ੀਕੁਮਾਰ ਪਾਂਡਿਆ ਨਾਲ ਵਿਆਹ ਕਰਵਾਇਆ ਸੀ ਜਿਨ੍ਹਾਂ ਦਾ ਦੇਹਾਂਤ 2013 ’ਚ ਹੋ ਗਿਆ ਸੀ। ਅੰਨਪੂਰਨਾ ਦੇਵੀ ਦੇ ਸ਼ਾਗਿਰਦਾਂ ’ਚ ਹਰੀਪ੍ਰਸਾਦ ਚੌਰਸੀਆ (ਬੰਸਰੀ), ਆਸ਼ੀਸ਼ ਖ਼ਾਨ (ਸਰੋਦ), ਅਮਿਤ ਭੱਟਚਾਰੀਆ (ਸਰੋਦ), ਬਹਾਦਰ ਖ਼ਾਨ (ਸਰੋਦ), ਬਸੰਤ ਕਾਬਰਾ (ਸਰੋਦ), ਜੋਤਿਨ ਭੱਟਾਚਾਰੀਆ (ਸਰੋਦ), ਨਿਖਿਲ ਬੈਨਰਜੀ (ਸਿਤਾਰ), ਨਿਤਿਆਨੰਦ ਹਲਦੀਪੁਰ (ਬੰਸਰੀ), ਪੀਟਰ ਕਲੈਟ (ਬੰਸਰੀ), ਪ੍ਰਦੀਪ ਬਰੋਟ (ਸਰੋਦ), ਸੰਧਿਆ ਫੜਕੇ (ਸਿਤਾਰ), ਸੁਧੀਰ ਫੜਕੇ (ਸਿਤਾਰ), ਸੁਰੇਸ਼ ਵਿਆਸ (ਸਰੋਦ) ਆਦਿ ਸ਼ਾਮਲ ਹਨ।