ਸੰਯੁਕਤ ਰਾਸ਼ਟਰ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਵੇਗੀ ਇਵਾਂਕਾ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਸ ਦੀ ਧੀ ਇਵਾਂਕਾ ਸੰਯੁਕਤ ਰਾਸ਼ਟਰ ਵਿੱਚ ਦੇਸ਼ ਦੇ ਰਾਜਦੂਤ ਦੇ ਤੌਰ ’ਤੇ ‘ਪ੍ਰਭਾਵਸ਼ਾਲੀ’ ਸਾਬਤ ਹੋਵੇਗੀ ਪਰ ਨਾਲ ਹੀ ਮੰਨਿਆ ਕਿ ਜੇ ਉਨ੍ਹਾਂ ਅਜਿਹਾ ਕੀਤਾ ਤਾਂ ਉਨ੍ਹਾਂ ’ਤੇ ‘ਭਾਈ ਭਤੀਜਾਵਾਦ ਦੇ ਦੋਸ਼’ ਲੱਗਣਗੇ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਭਾਰਤੀ ਮੂਲ ਦੀ ਨਿੱਕੀ ਹੇਲੀ (46) ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਹ 2018 ਦੇ ਅੰਤ ਤਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵੇਗੀ। ਟਰੰਪ ਨੇ ਹੇਲੀ ਦੇ ਪ੍ਰਦਰਸ਼ਨ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਕਈ ਲੋਕ ਉਨ੍ਹਾਂ ਦੀ ਥਾਂ ਲੈਣਾ ਚਾਹੁਣਗੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ‘ਦੋ ਤੋਂ ਤਿੰਨ ਹਫ਼ਤੇ’ ਵਿੱਚ ਹੇਲੀ ਦੀ ਥਾਂ ’ਤੇ ਕਿਸੇ ਦੀ ਨਿਯੁਕਤੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਦੱਖਣੀ ਕੈਰੋਲੀਨਾ ਦੇ ਸਾਬਕਾ ਗਵਰਨਰ ਅਤੇ ਹੋਰਨਾਂ ਲੋਕਾਂ ਨਾਲ ਉਮੀਦਵਾਰਾਂ ਬਾਰੇ ਚਰਚਾ ਕਰਨਗੇ। ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਉਸ ਦੀ ਧੀ ਇਵਾਂਕਾ ਸੰਯੁਕਤ ਰਾਸ਼ਟਰ ਵਿੱਚ ‘ਬਿਹਤਰੀਨ’ ਰਾਜਦੂਤ ਸਾਬਤ ਹੋਵੇਗੀ। ਉਨ੍ਹਾਂ ਕਿਹਾ, ‘‘ਇਸ ਦਾ ਭਾਈ ਭਤੀਜਾਵਾਦ ਨਾਲ ਕੁਝ ਲੈਣਾ ਦੇਣਾ ਨਹੀਂ ਹੈ ’’ ਰਾਸ਼ਟਰਪਤੀ ਦੀ ਟਿੱਪਣੀ ਤੋਂ ਤੁਰੰਤ ਬਾਅਦ ਇਵਾਂਕਾ (36) ਨੇ ਟਵਿੱਟਰ ’ਤੇ ਆਪਣੇ ਆਪ ਨੂੰ ਇਸ ਅਹੁਦੇ ਦੀ ਦੌੜ ਤੋਂ ਬਾਹਰ ਦੱਸਿਆ।