ਇਕ ਦਿਨਾ ਦਰਜਾਬੰਦੀ: ਵਿਰਾਟ ਤੇ ਬੁਮਰਾਹ ਸਿਖ਼ਰ ਉਤੇ ਬਰਕਰਾਰ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈਸੀਸੀ ਦੀ ਇਕ ਦਿਨਾ ਦਰਜਾਬੰਦੀ ਵਿਚ ਸਿਖ਼ਰ ’ਤੇ ਬਰਕਰਾਰ ਹਨ। ਕੋਹਲੀ 884 ਅੰਕਾਂ ਨਾਲ ਬੱਲੇਬਾਜ਼ਾਂ ਦੀ ਦਰਜਾਬੰਦੀ ਵਿਚ ਪਹਿਲੇ ਸਥਾਨ ’ਤੇ ਹਨ ਜਦਕਿ ਇਕ ਦਿਨਾ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ 842 ਅੰਕਾਂ ਨਾਲ ਦੂਜੇ ਸਥਾਨ ’ਤੇ ਹਨ। ਸਿਖ਼ਰਲੇ ਦਸ ਵਿਚ ਸ਼ਾਮਲ ਇਕ ਹੋਰ ਭਾਰਤੀ ਖਿਡਾਰੀ ਸ਼ਿਖ਼ਰ ਧਵਨ 802 ਅੰਕਾਂ ਨਾਲ ਦਰਜਾਬੰਦੀ ਵਿਚ ਪੰਜਵੇਂ ਸਥਾਨ ’ਤੇ ਹਨ। ਗੇਂਦਬਾਜ਼ਾਂ ਵਿਚ ਡੈੱਥ ਓਵਰਾਂ ਦੇ ਮਾਹਿਰ ਜਸਪ੍ਰੀਤ ਬੁਮਰਾਹ 797 ਅੰਕਾਂ ਨਾਲ ਸਿਖ਼ਰ ’ਤੇ ਬਣੇ ਹੋਏ ਹਨ ਜਦਕਿ ਖੱਬੇ ਹੱਥ ਦੇ ਸਪਿੰਨਰ ਕੁਲਦੀਪ ਯਾਦਵ 700 ਅੰਕਾਂ ਨਾਲ ਦਰਜਾਬੰਦੀ ਵਿਚ ਤੀਜੇ ਸਥਾਨ ’ਤੇ ਹਨ। ਦੂਜੇ ਨੰਬਰ ’ਤੇ ਅਫ਼ਗਾਨਿਸਤਾਨ ਦੇ ਸਪਿੰਨਰ ਰਾਸ਼ਿਦ ਖ਼ਾਨ (788) ਹਨ। ਯੁਜਵੇਂਦਰ ਚਾਹਲ ਸਿਖ਼ਰਲੇ 10 ਵਿਚ ਸ਼ਾਮਲ ਹੋਣ ਦੀ ਦਹਿਲੀਜ਼ ’ਤੇ ਹਨ। ਉਨ੍ਹਾਂ ਦੀ ਮੌਜੂਦਾ ਰੈਂਕਿੰਗ 11ਵੀਂ ਹੈ। ਭਾਰਤੀ ਟੀਮ ਰੈਂਕਿੰਗ ਵਿਚ 122 ਅੰਕਾਂ ਨਾਲ ਇੰਗਲੈਂਡ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਇੰਗਲੈਂਡ (127 ਅੰਕ) ਨੂੰ ਆਪਣਾ ਸਥਾਨ ਬਰਕਰਾਰ ਰੱਖਣ ਲਈ ਸ੍ਰੀਲੰਕਾ ਨਾਲ 10 ਅਕਤੂਬਰ ਹੋ ਰਹੀ ਲੜੀ ਵਿਚ ਜਿੱਤ ਦਰਜ ਕਰਨੀ ਹੋਵੇਗੀ।