ਏਸ਼ੀਆ ਕੱਪ ਫਾਈਨਲ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ

ਟੂਰਨਾਮੈਂਟ ਵਿੱਚ ਜੇਤੂ ਰਹੀ ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਕੁਝ ਪ੍ਰਮੁੱਖ ਖਿਡਾਰੀਆਂ ਦੇ ਜ਼ਖ਼ਮੀ ਹੋਣ ਕਰ ਕੇ ਕਮਜ਼ੋਰ ਪੈ ਚੁੱਕੀ ਬੰਗਲਾਦੇਸ਼ ਦੀ ਟੀਮ ਨੂੰ ਹਰ ਕੇ ਮਹਾਦੀਪ ਪੱਧਰ ’ਤੇ ਆਪਣੀ ਬਾਦਸ਼ਾਹਤ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗੀ।
ਬੰਗਲਾਦੇਸ਼ ਨੂੰ ਉਂਝ ਕਿਸੇ ਵੀ ਪੱਧਰ ’ਤੇ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ ਹੈ ਕਿਉਂਕਿ ਬੁੱਧਵਾਰ ਨੂੰ ਉਸ ਨੇ ਕੁਝ ਪ੍ਰਮੁੱਖ ਖਿਡਾਰੀਆਂ ਦੀ ਗੈਰ-ਹਾਜ਼ਰੀ ਦੇ ਬਾਵਜੂਦ ਪਾਕਿਸਤਾਨੀ ਟੀਮ ਨੂੰ ਹਰਾ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਖ਼ਿਤਾਬੀ ਮੁਕਾਬਲੇ ਦੀ ਸੰਭਾਵਨਾ ਸਮਾਪਤ ਕਰ ਦਿੱਤੀ ਸੀ। ਕਾਗ਼ਜ਼ਾਂ ’ਤੇ ਭਾਰਤ ਹੁਣ ਵੀ ਰਿਕਾਰਡ ਸੱਤਵੀਂ ਵਾਰ ਖ਼ਿਤਾਬ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਹੈ ਜਦੋਂਕਿ ਬੰਗਲਾਦੇਸ਼ ਨੂੰ ਆਸ ਹੋਵੇਗੀ ਕਿ ਖ਼ਿਤਾਬੀ ਮੁਕਾਬਲੇ ਵਿੱਚ ਤੀਜੀ ਵਾਰ ਕਿਸਮਤ ਉਸ ਦਾ ਸਾਥ ਦੇਵੇਗੀ।
ਭਾਰਤ ਤੇ ਬੰਗਲਾਦੇਸ਼ ਦੀ ਵਿਰੋਧਤਾ ਵੀ ਕੋਈ ਨਵੀਂ ਨਹੀਂ ਹੈ ਅਤੇ ਇਸ ਮੁਕਾਬਲੇ ਨਾਲ ਉਸ ਵਿੱਚ ਨਵਾਂ ਅਧਿਆਏ ਜੁੜ ਜਾਵੇਗਾ। ਫਾਈਨਲ ਤੋਂ ਪਹਿਲਾਂ ਹਾਲਾਂਕਿ ਬੰਗਲਾਦੇਸ਼ ਲਈ ਆਪਣੇ ਪ੍ਰਮੁੱਖ ਖਿਡਾਰੀਆਂ ਦਾ ਜ਼ਖ਼ਮੀ ਹੋਣਾ ਚਿੰਤਾ ਦਾ ਵਿਸ਼ਾ ਹੈ। ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਹੱਥ ਵਿੱਚ ਫਰੈਕਚਰ ਹੋਣ ਕਾਰਨ ਪਹਿਲਾਂ ਹੀ ਬਾਹਰ ਹੋ ਗਿਆ ਸੀ ਅਤੇ ਹੁਣ ਆਲਰਾਊਂਡਰ ਸ਼ਾਕਿਬ-ਅਲ-ਹਸਨ ਵੀ ਉਂਗਲੀ ਦੀ ਸੱਟ ਕਾਰਨ ਫਾਈਨਲ ਵਿੱਚ ਨਹੀਂ ਖੇਡ ਸਕੇਗਾ। ਉਸ ਨੂੰ ਆਪ੍ਰੇਸ਼ਨ ਕਰਵਾਉਣਾ ਪੈ ਸਕਦਾ ਹੈ ਜਿਸ ਕਰ ਕੇ ਉਹ ਜ਼ਿੰਬਾਬਵੇ ਖ਼ਿਲਾਫ਼ 30 ਸਤੰਬਰ ਤੋਂ ਹੋਣ ਵਾਲੀ ਘਰੇਲੂ ਲੜੀ ਵਿੱਚ ਵੀ ਨਹੀਂ ਖੇਡ ਸਕੇਗਾ। ਭਾਰਤ ਵਾਸਤੇ ਹਾਲਾਂਕਿ ਇਹ ਦੂਜੀ ਤਰ੍ਹਾਂ ਦੀ ਪ੍ਰੀਖਿਆ ਹੈ। ਆਪਣੇ ਸਭ ਤੋਂ ਵਧੀਆ ਬੱਲੇਬਾਜ਼ ਅਤੇ ਕਪਤਾਨ ਵਿਰਾਟ ਕੋਹਲੀ ਤੋਂ ਬਿਨਾਂ ਏਸ਼ੀਆ ਕੱਪ ਜਿੱਤਣਾ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਵੱਡੀ ਉਪਲਬਧੀ ਹੋਵੇਗੀ।ਭਾਰਤੀ ਟੀਮ ਫਾਈਨਲ ਵਿੱਚ ਮਜ਼ਬੂਤ ਟੀਮ ਨਾਲ ਉਤਰੇਗੀ। ਕਪਤਾਨ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਸਫ਼ਲ ਸਲਾਮੀ ਜੋੜੀ ਸਿਖ਼ਰਲੇ ਕ੍ਰਮ ਵਿੱਚ ਵਾਪਸੀ ਕਰੇਗੀ ਤਾਂ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਤੇ ਯੁਜਵੇਂਦਰ ਚਹਿਲ ਗੇਂਦਬਾਜ਼ੀ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ। ਚੰਗੀ ਸ਼ੁਰੂਆਤ ’ਤੇ ਕਾਫੀ ਕੁਝ ਨਿਰਭਰ ਕਰਦਾ ਹੈ ਤੇ ਰੋਹਿਤ (269 ਦੌੜਾਂ) ਤੇ ਧਵਨ (327 ਦੌੜਾਂ) ਨੇ ਟੂਰਨਾਮੈਂਟ ਵਿੱਚ ਹੁਣ ਤੱਕ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਈ ਹੈ। ਮੱਧਕ੍ਰਮ ਭਾਰਤ ਲਈ ਕੁਝ ਚਿੰਤਾ ਦਾ ਵਿਸ਼ਾ ਹੈ।
ਅੰਬਾਤੀ ਰਾਇਡੂ ਨੇ ਸਾਰੇ ਮੈਚਾਂ ਵਿੱਚ ਚੰਗੀ ਸ਼ੁਰੂਆਤ ਕੀਤੀ ਪਰ ਉਹ ਲੰਬੀ ਪਾਰੀ ਨਹੀਂ ਖੇਡ ਸਕਿਆ ਜਦੋਂਕਿ ਕੇਦਾਰ ਜਾਧਵ ਤੇ ਮਹਿੰਦਰ ਸਿੰਘ ਧੋਨੀ ਨੂੰ ਵਿੱਚ ਦੇ ਓਵਰਾਂ ਵਿੱਚ ਜੂਝਣਾ ਪਿਆ। ਧੋਨੀ ਦਾ ਬੱਲੇਬਾਜ਼ੀ ਵਿੱਚ ਸੰਘਰਸ਼ ਸਭ ਤੋਂ ਵੱਡੀ ਚਿੰਤਾ ਹੈ।
ਭਾਰਤੀ ਮੱਧਕ੍ਰਮ ਦੀ ਪ੍ਰੀਖਿਆ ਸਿਰਫ਼ ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਵਿੱਚ ਹੋਈ ਜਿਸ ਵਿੱਚ ਉਹ ਨਹੀਂ ਚੱਲ ਸਕਿਆ ਜਦੋਂਕਿ ਕੇ.ਐੱਲ. ਰਾਹੁਲ ਤੇ ਰਾਇਡੂ ਨੇ ਪਹਿਲੇ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਕੀਤੀ ਸੀ। ਧੋਨੀ ਤੋਂ ਮੁੜ ਬੱਲੇਬਾਜ਼ੀ ’ਚ ਅਹਿਮ ਯੋਗਦਾਨ ਦੀ ਆਸ ਹੈ। ਉਸ ਦੇ ਮੁੜ ਤੋਂ ਚੌਥੇ ਨੰਬਰ ’ਤੇ ਉਤਰਨ ਦੀ ਸੰਭਾਵਨਾ ਹੈ। ਬੰਗਲਾਦੇਸ਼ ਦਾ ਗੇਂਦਬਾਜ਼ੀ ਹਮਲਾ 50 ਓਵਰਾਂ ਦੇ ਕ੍ਰਿਕਟ ਵਿੱਚ ਕਾਫੀ ਮਜ਼ਬੂਤ ਹੈ। ਬੱਲੇਬਾਜ਼ੀ ਵਿੱਚ ਟੀਮ ਭਰੋਸੇਮੰਦ ਮੁਸ਼ਫਿਕੁਰ ਰਹੀਮ ’ਤੇ ਕਾਫੀ ਨਿਰਭਰ ਹੈ ਜਿਸ ਨੇ ਮਹਿਮੂਦੁੱਲ੍ਹਾ ਨਾਲ ਮਿਲ ਕੇ ਟੀਮ ਨੂੰ ਕਈ ਵਾਰ ਸੰਕਟ ਵਿੱਚੋਂ ਬਾਹਰ ਕੱਢਿਆ ਹੈ। ਮੈਚ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ ਨੂੰ 5 ਵਜੇ ਸ਼ੁਰੂ ਹੋਵੇਗਾ।