ਏਸ਼ੀਆ ਕ੍ਰਿਕਟ ਕੱਪ: ਭਾਰਤ-ਅਫ਼ਗਾਨਿਸਤਾਨ ਮੈਚ ਟਾਈ

ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਇਕ ਬਹੁਤ ਹੀ ਫਸਵੇਂ ਸੁਪਰ-4 ਮੁਕਾਬਲੇ ਵਿੱਚ ਅਫ਼ਗਾਨਿਸਤਾਨ ਨੇ ਅੱਜ ਭਾਰਤ ਨੂੰ ਬਰਾਬਰੀ ਉਤੇ ਰੋਕ ਲਿਆ। ਅਫ਼ਗਾਨਿਸਤਾਨ ਵੱਲੋਂ ਪਹਿਲਾਂ ਖੇਡਦਿਆਂ ਮਿਥੇ 50 ਓਵਰਾਂ ਵਿੱਚ ਅੱਠ ਵਿਕਟਾਂ ਗੁਆ ਕੇ ਬਣਾਈਆਂ 252 ਦੌੜਾਂ ਦੇ ਮੁਕਾਬਲੇ ਭਾਰਤੀ ਟੀਮ ਵੀ 49.5 ਓਵਰਾਂ ਵਿੱਚ ਇੰਨੀਆਂ ਹੀ ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਤੇ ਭਾਰਤ ਦੇ ਜੇਤੂ ਟੀਚਾ ਸਰ ਨਾ ਕਰ ਸਕਣ ਕਾਰਨ ਮੈਚ ਟਾਈ ਕਰਾਰ ਦੇ ਦਿੱਤਾ ਗਿਆ।
ਭਾਰਤ ਲਈ ਸਭ ਤੋਂ ਵੱਧ 60 ਦੌੜਾਂ ਸਲਾਮੀ ਬੱਲੇਬਾਜ਼ ਕੇ.ਐਲ. ਰਾਹੁਲ ਨੇ ਬਣਾਈਆਂ। ਦੂਜੇ ਸਲਾਮੀ ਬੱਲੇਬਾਜ਼ ਅੰਬਾਤੀ ਰਾਇਡੂ ਨੇ 57 ਤੇ ਦਿਨੇਸ਼ ਕਾਰਤਿਕ ਨੇ 44 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੇ ਆਖ਼ਰੀ ਬੱਲੇਬਾਜ਼ ਵਜੋਂ ਇਕ ਗੇਂਦ ਬਾਕੀ ਰਹਿੰਦਿਆਂ ਰਵਿੰਦਰ ਜਡੇਜਾ 25 ਦੌੜਾਂ ਬਣਾ ਕੇ ਰਾਸ਼ਿਦ ਖ਼ਾਨ ਦੀ ਗੇਂਦ ਉਤੇ ਆਊਟ ਹੋ ਗਿਆ। ਅਫ਼ਗਾਨਿਸਤਾਨ ਲਈ ਆਫ਼ਤਾਬ ਆਲਮ, ਮੁਹੰਮਦ ਨਬੀ ਤੇ ਰਾਸ਼ਿਦ ਖ਼ਾਨ ਨੇ ਦੋ-ਦੋ ਵਿਕਟਾਂ ਝਟਕਾਈਆਂ, ਜਦੋਂਕਿ ਜਾਵੇਦ ਅਹਿਮਦੀ ਨੂੰ ਇਕ ਵਿਕਟ ਮਿਲੀ। ਭੱਜ ਕੇ ਦੌੜਾਂ ਬਟੋਰਨ ਦੇ ਚੱਕਰ ’ਚ ਭਾਰਤ ਦੇ ਤਿੰਨ ਬੱਲੇਬਾਜ਼ ਰਨ ਆਊਟ ਹੋ ਗਏ।
ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਨੇ ਸਲਾਮੀ ਬੱਲੇਬਾਜ਼ ਮੁਹੰਮਦ ਸ਼ਾਹਜ਼ਾਦ ਦੇ ਤੇਜ਼ ਤਰਾਰ ਸੈਂਕੜੇ ਦੀ ਬਦੌਲਤ ਭਾਰਤ ਸਾਹਮਣੇ 253 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਅਫ਼ਗਾਨਿਸਤਾਨ ਦੇ ਸ਼ਾਹਜ਼ਾਦ ਨੇ ਬੱਲੇਬਾਜ਼ੀ ਦਾ ਵੱਖਰਾ ਹੀ ਨਜ਼ਾਰਾ ਪੇਸ਼ ਕਰਦਿਆਂ ਸਿਰਫ਼ 116 ਗੇਂਦਾਂ ’ਤੇ 124 ਦੌੜਾਂ ਬਣਾਈਆਂ ਅਤੇ 11 ਚੌਕੇ ਅਤੇ ਸੱਤ ਛੱਕੇ ਮਾਰੇ। ਇਹ ਉਸ ਦਾ ਪੰਜਵਾਂ ਇੱਕ ਰੋਜ਼ਾ ਸੈਂਕੜਾ ਸੀ।
ਇਸ ਮੈਚ ਵਿੱਚ ਭਾਰਤ ਨੇ ਕਪਤਾਨ ਰੋਹਿਤ ਸ਼ਰਮਾ ਸਣੇ ਪੰਜ ਖਿਡਾਰੀਆਂ ਨੂੰ ਆਰਾਮ ਦਿੱਤਾ, ਜਿਸ ਕਾਰਨ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਕਪਤਾਨੀ ਸੰਭਾਲਣ ਦਾ ਮੌਕਾ ਮਿਲਿਆ। ਇਸ ਸਦਕਾ ਉਸ ਨੇ ਅੱਜ ਆਪਣੀ ਕਪਤਾਨੀ ਵਿੱਚ 200 ਮੈਚ ਪੂਰੇ ਕਰਨ ਦਾ ਮਾਅਰਕਾ ਵੀ ਮਾਰਿਆ। ਅਫ਼ਗਾਨਿਸਤਾਨ ਨੇ 82 ਦੌੜਾਂ ਤੱਕ ਜਾਂਦੇ-ਜਾਂਦੇ ਆਪਣੀਆਂ ਚਾਰ ਵਿਕਟਾਂ ਗੁਆ ਲਈਆਂ ਸਨ। ਰਵਿੰਦਰ ਜਡੇਜਾ ਨੇ 46 ਦੌੜਾਂ ਦੇ ਕੇ ਤਿੰਨ ਅਤੇ ਕੁਲਦੀਪ ਯਾਦਵ ਨੇ 38 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦਕਿ ਖਲੀਲ ਅਹਿਮਦ, ਦੀਪਕ ਚਾਹੜ ਅਤੇ ਕੇਦਾਰ ਜਾਧਵ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।