ਕਤਲ ਮਾਮਲੇ ‘ਚ ਪੰਜਾਬੀ ਨੂੰ 17 ਸਾਲ ਦੀ ਜੇਲ

ਲੰਡਨ(ਸਮਰਾ)-ਸਾਲ 1993 ‘ਚ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਇਕ ਰੈਸਟੋਰੈਂਟ ਦੇ ਮਾਲਕ ਅੰਸਾਰ ਸ਼ਾਹ ਦੇ ਕਤਲ ਸਬੰਧੀ ਚੱਲੇ ਮੁਕੱਦਮੇ ‘ਚ ਜਗਤਾਰ ਸਿੰਘ ਉਰਫ਼ ਅਵਤਾਰ ਸਿੰਘ ਨਾਮੀ ਪੰਜਾਬੀ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਗਲਾਸਗੋ ਹਾਈਕੋਰਟ ‘ਚ 56 ਸਾਲਾ ਗਵਾਹ ਸੋਨੀਆ ਹਿਗਨਜ਼ ਨੇ ਜਿਊਰੀ ਨੂੰ ਦੱਸਿਆ ਕਿ ਉਸ ਨੇ ਦੋਸ਼ੀ ਜਗਤਾਰ ਸਿੰਘ ਨੂੰ ਰੈਸਟੋਰੈਂਟ ਮਾਲਕ ਦੇ ਲੜਾਈ ਦੌਰਾਨ ਛੁਰਾ ਮਾਰਦੇ ਵੇਖਿਆ ਹੈ | ਜਿਊਰੀ ਨੇ ਸੁਣਿਆ ਕਿ ਕਤਲ ਦਾ ਕਾਰਨ ਜਗਤਾਰ ਸਿੰਘ ਦੇ ਭਰਾ 54 ਸਾਲਾ ਜਸਪਾਲ ਸਿੰਘ ਨੂੰ ਅਰਮਾਨ ਰੈਸਟੋਰੈਂਟ ਤੋਂ ਕੰਮ ਤੋਂ ਜਵਾਬ ਮਿਲਣਾ ਸੀ | ਇਸ ਕਤਲ ਸਬੰਧੀ ਜਗਤਾਰ ਸਿੰਘ ਅਤੇ ਜਸਪਾਲ ਸਿੰਘ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਜਦਕਿ ਜਗਤਾਰ ਸਿੰਘ ਨੇ ਕੱਪੜੇ ਬਦਲ ਕੇ ਇੰਗਲੈਂਡ ਭੱਜ ਜਾਣ ਦੇ ਦੋਸ਼ ਤੋਂ ਵੀ ਇਨਕਾਰ ਕੀਤਾ ਸੀ | ਜਗਤਾਰ ਨੇ ਕਿਹਾ ਕਿ ਸ਼ਾਹ ਨੇ ਪਹਿਲਾਂ ਉਸ ‘ਤੇ ਵਾਰ ਕੀਤੇ ਅਤੇ ਬਾਅਦ ‘ਚ ਉਸ ਨੇ ਸਵੈ-ਰੱਖਿਆ ਲਈ ਸ਼ਾਹ ‘ਤੇ ਵਾਰ ਕੀਤੇ ਸਨ | ਘਟਨਾ ਤੋਂ ਬਾਅਦ ਜਗਤਾਰ ਲੰਡਨ ਅਤੇ ਫਿਰ ਲਾਰੀ ਰਾਹੀਂ ਫਰਾਂਸ ਚਲਾ ਗਿਆ ਸੀ | 1996 ‘ਚ ਉਸ ਨੇ ਫਰੈਂਚ ਔਰਤ ਨਾਲ ਵਿਆਹ ਕਰ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਅਤੇ ਉਸ ਦੇ ਇਕ ਬੇਟਾ ਹੈ ਪਰ ਵਿਆਹ ਟੁੱਟਣ ਤੋਂ ਬਾਅਦ ਉਸ ਨੇ 2001 ‘ਚ ਭਾਰਤ ਜਾ ਕੇ ਵਿਆਹ ਕੀਤਾ ਅਤੇ ਉਸ ਦੀਆਂ ਤਿੰਨ ਧੀਆਂ ਹਨ | ਜਗਤਾਰ ਸਿੰਘ ਨੇ ਆਪਣਾ ਨਾਮ ਬਦਲ ਕੇ ਅਵਤਾਰ ਸਿੰਘ ਰੱਖ ਲਿਆ ਸੀ, ਉਸ ਦਿਨ ਸਮੇਂ ਫੈਕਟਰੀ ‘ਚ ਕੰਮ ਕਰਦਾ ਅਤੇ ਸ਼ਾਮ ਨੂੰ ਇਕ ਰੈਸਟੋਰੈਂਟ ਚਲਾਉਂਦਾ ਸੀ | ਜਗਤਾਰ ਵਿਰੁੱਧ 6 ਅਕਤੂਬਰ 1996 ਨੂੰ ਗਿ੍ਫ਼ਤਾਰੀ ਵਾਰੰਟ ਜਾਰੀ ਹੋਇਆ ਪਰ ਉਸ ਦਾ ਕੋਈ ਥਹੁ ਪਤਾ ਨਾ ਹੋਣ ਕਰ ਕੇ ਕੇਸ ਅੱਗੇ ਨਾ ਵੱਧ ਸਕਿਆ | ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਕੀਤੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਜਗਤਾਰ ਸਿੰਘ ਦੀ ਜਨਮ ਤਾਰੀਖ਼ ਨਾਲ ਮਿਲਦੀ ਇਕ ਤਾਰੀਖ਼ ਵਾਲਾ ਇਕ ਭਾਰਤੀ ਪਾਸਪੋਰਟ ਪੈਰਿਸ ਤੋਂ ਜਾਰੀ ਹੋਇਆ ਹੈ | ਉਸ ਕੋਲ ਫਰੈਂਚ ਅਤੇ ਭਾਰਤੀ ਨਾਗਰਿਕਤਾ ਸੀ | ਫਰੈਂਚ ਅਥਾਰਿਟੀ ਵਲੋਂ ਸਹਿਯੋਗ ਨਾ ਮਿਲਣ ਕਰ ਕੇ | ਅਖੀਰ 22 ਅਕਤੂਬਰ 2017 ਨੂੰ ਜਰਮਨੀ ਰਾਹੀਂ ਭਾਰਤ ਜਾ ਰਹੇ ਜਗਤਾਰ ਨੂੰ ਸਕਾਟਲੈਂਡ ਪੁਲਿਸ ਨੇ ਜਰਮਨੀ ਦੇ ਫਰੈਂਕਫਰਟ ਹਵਾਈ ਅੱਡੇ ਤੋਂ ਵਾਪਸੀ ਮੌਕੇ 9 ਨਵੰਬਰ 2017 ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ 25 ਸਾਲ ਬਾਅਦ ਕਤਲ ਦੋਸ਼ਾਂ ‘ਚ 17 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ |