ਇਰਾਨੀ ਸਪਲਾਈ ਘਟਣ ਕਾਰਨ ਕੌਮਾਂਤਰੀ ਤੇਲ ਮਾਰਕੀਟ ਨਾਜ਼ੁਕ ਦੌਰ ਵਿੱਚ ਦਾਖ਼ਲ: ਆਈਈਏ

ਕੌਮਾਂਤਰੀ ਉੂਰਜਾ ਏਜੰਸੀ (ਆਈਈਏ) ਨੇ ਅੱਜ ਆਖਿਆ ਕਿ ਅਗਸਤ ਮਹੀਨੇ ਕੱਚੇ ਤੇਲ ਦੀ ਆਲਮੀ ਪੈਦਾਵਾਰ 100 ਮਿਲੀਅਨ ਬੈਰਲ ਪ੍ਰਤੀ ਦਿਨ ਪਹੁੰਚ ਗਈ ਸੀ ਪਰ ਇਰਾਨ ਤੇ ਵੈਨੇਜ਼ੁਏਲਾ ਤੋਂ ਬਰਾਮਦਾਂ ਘਟਣ ਕਰ ਕੇ ਮਾਰਕੀਟ ਦਾ ਘੇਰਾ ਤੰਗ ਹੋ ਰਿਹਾ ਤੇ ਕੀਮਤਾਂ ਚੜ੍ਹ ਰਹੀਆਂ ਹਨ।
ਆਈਈਏ ਨੇ ਆਪਣੀ ਹਾਲੀਆ ਮਾਸਿਕ ਰਿਪੋਰਟ ਵਿੱਚ ਕਿਹਾ ‘‘ ਅਸੀਂ ਤੇਲ ਮਾਰਕੀਟ ਦੇ ਬੇਹੱਦ ਨਾਜ਼ੁਕ ਦੌਰ ਵਿੱਚ ਦਾਖ਼ਲ ਹੋ ਰਹੇ ਹਾਂ। ਹਾਲਾਤ ਕੱਸਦੇ ਜਾ ਰਹੇ ਹਨ।’’ ਪੈਟਰੋਲੀਅਮ ਬਰਾਮਦਕਾਰ ਮੁਲਕਾਂ ਦੀ ਜਥੇਬੰਦੀ ‘ਓਪੇਕ’ ਨੇ ਜੂਨ ਮਹੀਨੇ ਤੇਲ ਦੀ ਪੈਦਾਵਾਰ ਵਧਾਉਣ ਦੀ ਸਹਿਮਤੀ ਕੀਤੀ ਸੀ ਤਾਂ ਕਿ ਵਧਦੀਆਂ ਕੀਮਤਾਂ ਨੂੰ ਠੱਲ੍ਹ ਪਾਈ ਜਾ ਸਕੇ। ਹਾਲੀਆ ਮਹੀਨਿਆਂ ਦੌਰਾਨ ਕੱਚੇ ਤੇਲ ਦੇ ਵਾਅਦਾ ਵਪਾਰ ਵਿੱਚ ਕੀਮਤਾਂ 70 ਡਾਲਰ ਤੋਂ 80 ਡਾਲਰ ਫੀ ਬੈਰਲ ਦਰਮਿਆਨ ਡੋਲਦੀਆਂ ਰਹੀਆਂ ਹਨ। ਆਈਏਏ ਦਾ ਕਹਿਣਾ ਹੈ ਕਿ ਲਿਬੀਆ ’ਚੋਂ ਮੁੜ ਪੈਦਾਵਾਰ, ਇਰਾਕ ਵਿੱਚ ਲਗਭਗ ਰਿਕਾਰਡ ਪੈਦਾਵਾਰ ਤੇ ਨਾਇਜੇਰੀਆ ਤੇ ਸਾਊਦੀ ਅਰਬ ਤੋਂ ਸਪਲਾਈ ’ਚ ਇਜ਼ਾਫੇ ਸਦਕਾ ਹਾਲ ਦੀ ਘੜੀ ਸੰਕਟ ਵਿੱਚ ਘਿਰੇ ਵੈਨੇਜ਼ੁਏਲਾ ਤੇ ਇਰਾਨ ਤੋਂ ਪੈਦਾਵਾਰ ਵਿੱਚ ਆ ਰਹੀ ਕਮੀ ਦੀ ਭਰਪਾਈ ਕਰਨ ਵਿੱਚ ਮਦਦ ਮਿਲ ਰਹੀ ਹੈ ਪਰ ਵੈਨੇਜ਼ੁਏਲਾ ਦਾ ਸੰਕਟ ਘਟਣ ਦਾ ਨਾਂ ਨਹੀਂ ਲੈ ਰਿਹਾ ਤੇ ਇਰਾਨ ਦੀ ਤੇਲ ਸਨਅਤ ’ਤੇ 4 ਨਵੰਬਰ ਤੋਂ ਨਵੀਆਂ ਅਮਰੀਕੀ ਪਾਬੰਦੀਆਂ ਲੱਗ ਜਾਣ ਕਰ ਕੇ ਪੈਦਾਵਾਰ ਵਿੱਚ ਹੋਰ ਇਜ਼ਾਫ਼ਾ ਕਰਨਾ ਪਵੇਗਾ। ਏਜੰਸੀ ਦਾ ਕਹਿਣਾ ਹੈ ਕਿ ਇਹ ਦੇਖਣਾ ਪਵੇਗਾ ਕਿ ਕੀ ਉਤਪਾਦਕ ਮੁਲਕ ਆਪੋ ਆਪਣੀ ਪੈਦਾਵਾਰ ਵਧਾਉਣ ਦਾ ਫ਼ੈਸਲਾ ਕਰਦੇ ਹਨ। ਅਪਰੈਲ ਤੋਂ ਲੈ ਕੇ ਹੁਣ ਤੱਕ 70-80 ਡਾਲਰ ਦੀ ਕੀਮਤ ਦੀ ਵੀ ਅਜ਼ਮਾਇਸ਼ ਹੋਵੇਗੀ।