ਅਮਰੀਕਾ-ਭਾਰਤ ਸੰਵਾਦ ਅੱਜ: ਪੌਂਪੀਓ ਤੇ ਮੈਟਿਜ਼ ਦਿੱਲੀ ਪੁੱਜੇ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਆਖਿਆ ਕਿ ਅਮਰੀਕਾ ਤੇ ਭਾਰਤ ਨੇ ਪਹਿਲੇ 2+2 ਸੰਵਾਦ ਵਿੱਚ ਚਰਚਾ ਕਰਨ ਲਈ ਵੱਡੇ ਤੇ ਰਣਨੀਤਕ ਮੁੱਦੇ ਲਏ ਹਨ ਤੇ ਇਸ ਮੁਲਾਕਾਤ ਦਾ ਮੁੱਖ ਫੋਕਸ ਭਾਰਤ ਵੱਲੋਂ ਰੂਸ ਤੋਂ ਮਿਜ਼ਾਈਲ ਡਿਫੈਂਸ ਸਿਸਟਮ ਜਾਂ ਇਰਾਨ ਤੋਂ ਤੇਲ ਖਰੀਦਣ ਦੀਆਂ ਯੋਜਨਾਵਾਂ ’ਤੇ ਨਹੀਂ ਹੋਵੇਗਾ।
ਸ੍ਰੀ ਪੌਂਪੀਓ ਤੇ ਰੱਖਿਆ ਮੰਤਰੀ ਜਿਮ ਮੈਟਿਜ਼ ਭਲਕੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਹੋਣ ਵਾਲੀ ਇਸ ਗੱਲਬਾਤ ਵਾਸਤੇ ਭਾਰਤ ਪੁੱਜ ਗਏ ਹਨ।
ਸ੍ਰੀ ਪੌਂਪੀਓ ਨੇ ਕਿਹਾ ‘‘ਇਹ (ਭਾਰਤ ਤੋਂ ਮਿਜ਼ਾਈਲ ਸਿਸਟਮ ਤੇ ਇਰਾਨ ਤੋਂ ਤੇਲ ਦੀ ਖਰੀਦ) ਗੱਲਬਾਤ ਦਾ ਮੁੱਦਾ ਹਨ। ਇਹ ਰਿਸ਼ਤਿਆਂ ਦੀ ਲੜੀ ਹੈ। ਯਕੀਨਨ ਇਨ੍ਹਾਂ ’ਤੇ ਵਿਚਾਰ ਚਰਚਾ ਹੋਵੇਗੀ ਪਰ ਮੇਰਾ ਨਹੀਂ ਖ਼ਿਆਲ ਕਿ ਇਹ ਚਰਚਾ ਦਾ ਕੇਂਦਰ ਬਿੰਦੂ ਬਣਨਗੇ।’’ ਭਾਰਤ ਵੱਲੋਂ ਇਸ ਦੌਰਾਨ ਅਮਰੀਕਾ ਨੂੰ ਇਹ ਦੱਸਣ ਦੀ ਕੋਸ਼ਿਸ਼ ਰਹੇਗੀ ਕਿ ਉਹ ਰੂਸ ਤੋਂ ਕਰੀਬ 4.5 ਅਰਬ ਡਾਲਰ ਦੇ ਮੁੱਲ ਵਿੱਚ ਪੰਜ ਐਸ-400 ਟ੍ਰਿਯੰਫ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਖਰੀਦਣ ਜਾ ਰਿਹਾ ਹੈ। ਸ੍ਰੀ ਪੌਂਪੀਓ ਨੇ ਕਿਹਾ ‘‘ ਕੁਝ ਅਜਿਹੇ ਵੱਡੇ ਤੇ ਰਣਨੀਤਕ ਮੁੱਦੇ ਹਨ ਜਿਨ੍ਹਾਂ ’ਤੇ ਆਉਣ ਵਾਲੇ 20, 40, 50 ਸਾਲ ਕੰਮ ਹੁੰਦਾ ਰਹੇਗਾ। ਇਹ ਇਸ ਤਰ੍ਹਾਂ ਦੇ ਮੁੱਦੇ ਹਨ ਜਿਨ੍ਹਾਂ ਉਪਰ ਮੈਂ ਤੇ ਸ੍ਰੀ ਮੈਟਿਜ਼ ਗੱਲ ਕਰਾਂਗੇ।’’ ਪਿਛਲੇ ਹਫ਼ਤੇ ਪੈਂਟਾਗਨ ਨੇ ਕਿਹਾ ਸੀ ਕਿ ਭਾਰਤ ਨੂੰ ਰੂਸ ’ਤੇ ਲੱਗੀਆਂ ਪਾਬੰਦੀਆਂ ਤੋਂ ਸਿੱਧਮ ਸਿੱਧੀ ਛੋਟ ਨਹੀਂ ਮਿਲੇਗੀ ਤੇ ਰੂਸੀ ਮਿਜ਼ਾਈਲ ਡਿਫੈਂਸ ਸਿਸਟਮ ਸੌਦੇ ਬਾਰੇ ਵਾਸ਼ਿੰਗਟਨ ਦੇ ਤੌਖਲੇ ਵੀ ਦਰਸਾਏ ਸਨ। ਏਸ਼ੀਆ ਤੇ ਪ੍ਰਸ਼ਾਂਤ ਖਿੱਤ ਦੀ ਸੁਰੱਖਿਆ ਬਾਰੇ ਸਹਾਇਕ ਰੱਖਿਆ ਮੰਤਰੀ ਰੈਂਡਲ ਜੀ ਸ਼੍ਰਿਵਰ ਨੇ ਕਿਹਾ ‘‘ ਮੈਂ ਇੱਥੇ ਬਹਿ ਕੇ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਭਾਰਤ ਨੂੰ ‘ਕਾਟਸਾ’ ਛੋਟ ਲਾਜ਼ਮੀ ਮਿਲ ਜਾਵੇਗੀ। ਇਸ ਮੁੱਦੇ ਬਾਰੇ ਸਾਡੀ ਸਰਕਾਰ ਦੇ ਉਤਲੇ ਪੱਧਰ ’ਤੇ ਸੋਚ ਵਿਚਾਰ ਹੋਵੇਗੀ ਤੇ ਫਿਰ ਕੋਈ ਫੈਸਲਾ ਲਿਆ ਜਾਵੇਗਾ।’’