ਸਵਪਨਾ ਤੇ ਅਰਪਿੰਦਰ ਨੇ ਸਿਰਜਿਆ ਇਤਿਹਾਸ

ਭਾਰਤ ਦੀ 18ਵੀਆਂ ਏਸ਼ਿਆਈ ਖੇਡਾਂ ਦੇ ਗਿਆਰਵੇਂ ਦਿਨ ਟਰੈਕ ਐਂਡ ਫੀਲਡ ਵਿੱਚ ਸੋਨ ਤਗ਼ਮੇ ਜਿੱਤਣ ਦੀ ਮੁਹਿੰਮ ਜਾਰੀ ਰਹੀ। ਪੰਜਾਬ ਦੇ ਅਮ੍ਰਿਤਸਰ ਦੇ 25 ਸਾਲਾ ਅਰਪਿੰਦਰ ਸਿੰਘ ਨੇ ਭਾਰਤ ਨੂੰ ਤੀਹਰੀ ਛਾਲ ਵਿੱਚ ਦਸਵਾਂ ਅਤੇ ਸਵਪਨਾ ਬਰਮਨ ਨੇ ਹੈਪਟੈਥਲੌਨ ਵਿੱਚ ਗਿਆਰਵਾਂ ਸੋਨ ਤਗ਼ਮਾ ਦਿਵਾਇਆ। ਇਸੇ ਤਰ੍ਹਾਂ ਤੇਜ਼ ਦੌੜਾਕ ਦੁੱਤੀ ਚੰਦ ਨੇ ਇਸ ਟੂਰਨਾਮੈਂਟ ਵਿੱਚ ਆਪਣਾ ਦੂਜਾ ਚਾਂਦੀ ਦਾ ਤਗ਼ਮਾ ਜਿੱਤਿਆ। ਟੇਬਲ ਟੈਨਿਸ ਵਿੱਚ ਵੀ ਹੈਰਾਨੀਜਨਕ ਨਤੀਜੇ ਮਿਲੇ। ਅਨੁਭਵੀ ਅਚੰਤਾ ਸ਼ਰਤ ਕਮਲ ਅਤੇ ਮਨਿਕਾ ਬੱਤਰਾ ਦੀ ਜੋੜੀ ਨੇ ਟੇਬਲ ਟੈਨਿਸ ਦੇ ਮਿਕਸਡ ਡਬਲਜ਼ ਵਿੱਚ ਭਾਰਤ ਦੀ ਝੋਲੀ ਪਹਿਲੀ ਵਾਰ ਕਾਂਸੀ ਦਾ ਤਗ਼ਮਾ ਪਾਇਆ।ਅੱਜ ਦੇ ਸ਼ਾਨਦਾਰ ਨਤੀਜਿਆਂ ਕਾਰਨ ਭਾਰਤ ਆਪਣੇ ਪਿਛਲੇ ਪ੍ਰਦਰਸ਼ਨ ਵਿੱਚ ਸੁਧਾਰ ਵੱਲ ਵਧ ਰਿਹਾ ਹੈ। ਉਸ ਦੇ ਨਾਮ ਹੁਣ 11 ਸੋਨੇ, 20 ਚਾਂਦੀ ਅਤੇ 23 ਕਾਂਸੀ ਦੇ ਤਗ਼ਮੇ ਸਣੇ ਕੁੱਲ 54 ਤਗ਼ਮੇ ਹੋ ਗਏ ਹਨ।
ਬਰਮਨ ਨੇ ਦੰਦਾਂ ਵਿੱਚ ਦਰਦ ਹੋਣ ਦੇ ਬਾਵਜੂਦ ਹੈਪਟੈਥਲੌਨ ਵਿੱਚ ਸੋੋਨ ਤਗ਼ਮਾ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ। ਉਹ ਇਨ੍ਹਾਂ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਰਿਕਸ਼ਾ ਚਾਲਕ ਦੀ ਧੀ 21 ਸਾਲਾ ਬਰਮਨ ਨੇ ਦੋ ਦਿਨ ਤੱਕ ਚੱਲੇ ਸੱਤ ਮੁਕਾਬਲਿਆਂ ਵਿੱਚ 6026 ਅੰਕ ਬਣਾਏ। ਅਰਪਿੰਦਰ ਨੇ ਪੁਰਸ਼ਾਂ ਦੀ ਤੀਹਰੀ ਛਾਲ ਵਿੱਚ 16.77 ਮੀਟਰ ਛਾਲ ਮਾਰ ਕੇ ਏਸ਼ਿਆਡ ਵਿੱਚ ਭਾਰਤ ਨੂੰ ਪਿਛਲੇ 48 ਸਾਲਾਂ ਵਿੱਚ ਪਹਿਲਾ ਸੋਨ ਤਗ਼ਮਾ ਦਿਵਾਇਆ। ਰਾਸ਼ਟਰਮੰਡਲ ਖੇਡਾਂ 2014 ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਮਗਰੋਂ ਕਿਸੇ ਵੱਡੇ ਟੂਰਨਾਮੈਂਟ ਵਿੱਚ ਤਗ਼ਮਾ ਨਾ ਜਿੱਤ ਪਾਉਣ ਵਾਲੇ ਅਰਪਿੰਦਰ ਨੇ ਆਪਣੇ ਤੀਜੇ ਯਤਨ ਵਿੱਚ ਸਰਵੋਤਮ ਛਾਲ ਮਾਰੀ। ਭਾਰਤ ਲਈ ਇਸ ਤੋਂ ਪਹਿਲਾਂ ਏਸ਼ਿਆਈ ਖੇਡਾਂ ਦੀ ਤੀਹਰੀ ਛਾਲ ਵਿੱਚ ਆਖ਼ਰੀ ਸੋਨ ਤਗ਼ਮਾ 1970 ਵਿੱਚ ਮਹਿੰਦਰ ਸਿੰਘ ਗਿੱਲ ਨੇ ਜਿੱਤਿਆ ਸੀ। ਕੁੱਲ ਮਿਲਾ ਕੇ ਇਹ ਤੀਹਰੀ ਛਾਲ ਵਿੱਚ ਭਾਰਤ ਦਾ ਤੀਜਾ ਸੋਨ ਤਗ਼ਮਾ ਹੈ। ਮਹਿੰਦਰ ਨੇ 1958 ਵਿੱਚ ਪਹਿਲੀ ਵਾਰ ਇਸ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਹਾਸਲ ਕੀਤਾ ਸੀ। ਦੁੱਤੀ ਚੰਦ ਨੇ ਮਹਿਲਾਵਾਂ ਦੀ 200 ਮੀਟਰ ਦੌੜ ਵਿੱਚ ਵੀ ਚਾਂਦੀ ਜਿੱਤੀ। ਇਸ ਤੋਂ ਪਹਿਲਾਂ 100 ਮੀਟਰ ਵਿੱਚ ਵੀ ਚਾਂਦੀ ਦੇ ਤਗ਼ਮੇ ਜਿੱਤਣ ਵਾਲੀ ਦੁੱਤੀ ਨੇ 23.20 ਸੈਕਿੰਡ ਦਾ ਸਮਾਂ ਲੈ ਕੇ ਦੂਜਾ ਸਥਾਨ ਹਾਸਲ ਕੀਤਾ।