ਸਿੱਖ ਸਟੋਰ ਮਾਲਕ ਦਾ ਕਾਤਲ ਗ੍ਰਿਫ਼ਤਾਰ

ਨਿਊ ਯਾਰਕ: ਅਮਰੀਕਾ ਦੇ ਨਿਊ ਜਰਸੀ ਸੂਬੇ ਵਿੱਚ ਪਿਛਲੇ ਹਫ਼ਤੇ ਇਕ ਸਿੱਖ ਸਟੋਰ ਮਾਲਕ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 55 ਸਾਲਾ ਤਰਲੋਕ ਸਿੰਘ ਦੀ ਲਾਸ਼ ਲੰਘੀ 16 ਅਗਸਤ ਨੂੰ ਉਸ ਦੇ ਚਚੇਰੇ ਭਰਾ ਨੇ ਸਟੋਰ ਵਿੱਚ ਪਈ ਦੇਖੀ ਸੀ ਤੇ ਉਸ ਦੀ ਛਾਤੀ ’ਤੇ ਚਾਕੂ ਦੇ ਵਾਰ ਦਾ ਨਿਸ਼ਾਨ ਸੀ। ਤਿੰਨ ਕੁ ਹਫ਼ਤਿਆਂ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਤੀਜੀ ਘਟਨਾ ਸੀ। ਅਸੈਕਸ ਕਾਉੂਂਟੀ ਦੇ ਕਾਇਮ ਮੁਕਾਮ ਇਸਤਗਾਸਾਕਾਰ ਰਾਬਰਟ ਲੌਰੀਨੋ ਨੇ ਦੱਸਿਆ ਕਿ ਤਰਲੋਕ ਸਿੰਘ ਦੇ ਕਤਲ ਦੇ ਦੋਸ਼ ਹੇਠ ਨੇਵਾਰਕ ਵਾਸੀ 55 ਸਾਲਾ ਰਾਬਰਟੋ ਉਬੀਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਬੀਰਾ ਸਟੋਰ ਵਿੱਚ ਛੋਟੇ ਮੋਟੇ ਕੰਮ ਕਰਦਾ ਸੀ ਪਰ ਕਤਲ ਦੇ ਮੰਤਵ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਦੱਸਿਆ ਜਾਂਦਾ ਹੈ ਕਿ ਤਰਲੋਕ ਸਿੰਘ ਬਹੁਤ ਹੀ ਦਿਆਲੂ ਇਨਸਾਨ ਸਨ ਅਤੇ ਪਿੱਛੇ ਪਰਿਵਾਰ ਵਿੱਚ ਭਾਰਤ ਰਹਿੰਦੀ ਉਨ੍ਹਾਂ ਦੀ ਪਤਨੀ ਤੇ ਬੱਚੇ ਹਨ। ਉਹ ਛੇ ਸਾਲਾਂ ਤੋਂ ਇਹ ਸਟੋਰ ਚਲਾ ਰਹੇ ਸਨ। ਨਾਗਰਿਕ ਅਧਿਕਾਰਾਂ ਬਾਰੇ ਜਥੇਬੰਦੀ ਸਿੱਖ ਕੁਲੀਸ਼ਨ ਨੇ ਇਕ ਫੇਸਬੁਕ ਪੋਸਟ ਰਾਹੀਂ ਦੱਸਿਆ ਕਿ ਮੁਕਾਮੀ ਭਾਈਚਾਰੇ ਤੇ ਸਨੇਹੀਆਂ ਨੇ ਮ੍ਰਿਤਕ ਦੇ ਪਰਿਵਾਰ ਕੋਲ ਅਫ਼ਸੋਸ ਜ਼ਾਹਰ ਕੀਤਾ ਹੈ।