ਹਾਕੀ: ਭਾਰਤੀ ਮਹਿਲਾ ਟੀਮ ਨੇ ਕਜ਼ਾਖ਼ਸਤਾਨ ਨੂੰ 21-0 ਗੋਲਾਂ ਨਾਲ ਹਰਾਇਆ

ਗੁਰਜੀਤ ਕੌਰ, ਲਾਲਰੇਮਸਿਆਮੀ, ਨਵਨੀਤ ਕੌਰ ਅਤੇ ਵੰਦਨਾ ਕਟਾਰੀਆ ਦੀ ਸ਼ਾਨਦਾਰ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ 18ਵੀਆਂ ਏਸ਼ਿਆਈ ਖੇਡਾਂ ਦੇ ਹਾਕੀ ਮੁਕਾਬਲੇ ਵਿੱਚ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਕਜ਼ਾਖ਼ਸਤਾਨ ਨੂੰ 21-0 ਨਾਲ ਦਰੜ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ।
ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਮੇਜ਼ਬਾਨ ਇੰਡੋਨੇਸ਼ੀਆ ਨੂੰ ਆਪਣੇ ਪੂਲ ‘ਬੀ’ ਵਿੱਚ 8-0 ਨਾਲ ਹਰਾਇਆ ਸੀ। ਭਾਰਤੀ ਟੀਮ ਨੇ ਕਜ਼ਾਖ਼ਸਤਾਨ ਖ਼ਿਲਾਫ਼ ਪਹਿਲੇ ਹਾਫ਼ ਤੱਕ 9-0 ਦੀ ਲੀਡ ਬਣਾ ਲਈ ਸੀ। ਭਾਰਤ ਨੇ 1982 ਦੀਆਂ ਦਿੱਲੀ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਅਤੇ 1998 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਵਿੱਚ ਚਾਂਦੀ ਜਿੱਤੀ ਸੀ। ਸੋਨ ਤਗ਼ਮਾ ਅਤੇ ਟੋਕੀਓ ਓਲੰਪਿਕ ਦਾ ਸਿੱਧਾ ਟਿਕਟ ਪਾਉਣ ਦੇ ਇਰਾਦੇ ਨਾਲ ਖੇਡ ਰਹੀ ਭਾਰਤੀ ਟੀਮ ਨੇ ਲਗਾਤਾਰ ਦੂਜੇ ਮੈਚ ਵਿੱਚ ਗੋਲਾਂ ਦਾ ਮੀਂਹ ਵਰ੍ਹਾ ਦਿੱਤਾ।
ਗੁਰਜੀਤ ਕੌਰ ਨੇ ਸਤਵੇਂ ਮਿੰਟ ਵਿੱਚ ਪੈਨਲਟੀ ਕਾਰਨ ’ਤੇ ਗੋਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ। ਗੁਰਜੀਤ ਨੇ ਫਿਰ 36ਵੇਂ, 44ਵੇਂ ਅਤੇ 52ਵੇਂ ਮਿੰਟ ਵਿੱਚ ਗੋਲ ਕੀਤੇ। ਲਾਲਰੇਸਿਆਮੀ ਨੇ ਨੌਵੇਂ, 19ਵੇਂ ਅਤੇ 30ਵੇਂ ਮਿੰਟ ਵਿੱਚ ਗੋਲ ਕੀਤੇ। ਨਵਨੀਤ ਨੇ 11ਵੇਂ, 12ਵੇਂ ਅਤੇ 49ਵੇਂ ਮਿੰਟ ਵਿੱਚ ਗੋਲ ਦਾਗ਼ੇ। ਵੰਦਨਾ ਕਟਾਰੀਆ ਨੇ 29ਵੇਂ, 37ਵੇਂ ਅਤੇ 53ਵੇਂ ਮਿੰਟ ਵਿੱਚ ਗੋਲਾਂ ਦੀ ਹੈਟ੍ਰਿਕ ਲਾਈ।