ਹਾਕੀ: ਭਾਰਤ ਨੇ ਇੰਡੋਨੇਸ਼ੀਆ ਨੂੰ 8-0 ਗੋਲਾਂ ਨਾਲ ਹਰਾਇਆ

ਗੁਰਜੀਤ ਕੌਰ ਦੀ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ 18ਵੀਆਂ ਏਸ਼ਿਆਈ ਖੇਡਾਂ ਦੇ ਹਾਕੀ ਮੁਕਾਬਲੇ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਮੇਜ਼ਬਾਨ ਇੰਡੋਨੇਸ਼ੀਆ ਨੂੰ ਪੂਲ ‘ਬੀ’ ਵਿੱਚ 8-0 ਨਾਲ ਹਰਾ ਦਿੱਤਾ। ਭਾਰਤ ਨੇ 1982 ਦੀਆਂ ਦਿੱਲੀ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਅਤੇ 1998 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਵਿੱਚ ਚਾਂਦੀ ਜਿੱਤੀ ਸੀ।
ਸੋਨ ਤਗ਼ਮੇ ਦੇ ਨਾਲ ਟੋਕੀਓ ਓਲੰਪਿਕ ਦੀ ਸਿੱਧੀ ਟਿਕਟ ਹਾਸਲ ਕਰਨ ਦੇ ਇਰਾਦੇ ਨਾਲ ਉਤਰੀ ਭਾਰਤੀ ਟੀਮ ਨੇ ਅੱਧੇ ਸਮੇਂ ਤੱਕ ਹੀ 6-0 ਦੀ ਲੀਡ ਬਣਾ ਲਈ। ਭਾਰਤੀ ਟੀਮ ਨੇ ਦੂਜੇ ਹਾਫ਼ ਵਿੱਚ ਦੋ ਗੋਲ ਕੀਤੇ ਅਤੇ ਆਸਾਨ ਜਿੱਤ ਦਰਜ ਕੀਤੀ। ਭਾਰਤ ਦੀ ਜਿੱਤ ਵਿੱਚ ਉਦਿਤਾ ਨੇ ਛੇਵੇਂ ਮਿੰਟ ਵਿੱਚ ਖਾਤਾ ਖੋਲ੍ਹਿਆ।
ਵੰਦਨਾ ਕਟਾਰੀਆ ਨੇ 13ਵੇਂ ਮਿੰਟ ਵਿੱਚ ਸਕੋਰ ਦੁੱਗਣਾ ਕੀਤਾ। ਗੁਰਜੀਤ ਕੌਰ ਨੇ ਪੈਨਲਟੀ ਕਾਰਨਰ ’ਤੇ ਭਾਰਤ ਦਾ ਤੀਜਾ ਅਤੇ ਚੌਥਾ ਗੋਲ ਦਾਗ਼ਿਆ। ਲਾਲਰੇਸਿਆਮੀ ਨੇ ਪੰਜਵਾਂ ਅਤੇ ਵੰਦਨਾ ਨੇ ਭਾਰਤ ਦਾ ਛੇਵਾਂ ਗੋਲ ਦਾਗ਼ਿਆ। ਨਵਨੀਤ ਕੌਰ ਨੇ ਸਤਵਾਂ ਅਤੇ ਗੁਰਜੀਤ ਨੇ ਅੱਠਵਾਂ ਗੋਲ ਕੀਤਾ। ਦਿਨ ਦੇ ਹੋਰ ਮੈਚਾਂ ਵਿੱਚ ਜਾਪਾਨ ਨੇ ਤਾਇਪੈ ਨੂੰ 11-0 ਨਾਲ, ਮਲੇਸ਼ੀਆ ਨੇ ਹਾਂਗਕਾਂਗ ਨੂੰ 8-0 ਨਾਲ ਅਤੇ ਕਜ਼ਾਖ਼ਿਸਤਾਨ ਨੇ ਥਾਈਲੈਂਡ ਨੂੰ 3-1 ਨਾਲ ਹਰਾਇਆ।