ਆਸਟਰੀਆ ਦੇ ਵਿਦੇਸ਼ ਮੰਤਰੀ ਦੇ ਵਿਆਹ ’ਚ ਪੂਤਿਨ ਦੀ ਫੇਰੀ ਨੇ ਵਿਸ਼ਵ ਭਰ ’ਚ ਛੇੜੀ ਚਰਚਾ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸ਼ਨਿੱਚਰਵਾਰ ਨੂੰ ਆਸਟਰੀਆ ਦੀ ਵਿਦੇਸ਼ ਮੰਤਰੀ ਕੈਰਿਨ ਨਾਇਸਲ ਦੇ ਵਿਆਹ ਦੀ ਪਾਰਟੀ ਵਿੱਚ ਅਚਨਚੇਤੀ ਸ਼ਾਮਲ ਹੋ ਗਏ। ਇਸ ਵਿਸ਼ੇਸ਼ ਮੌਕੇ ਦੋਵਾਂ ਆਗੂਆਂ ਵੱਲੋਂ ਬਾਹਾਂ ਵਿੱਚ ਬਾਹਾਂ ਪਾ ਕੇ ਕੀਤਾ ਡਾਂਸ ਵਿਸ਼ਵ ਪੱਧਰ ਉੱਤੇ ਚਰਚਾ ਛੇੜ ਗਿਆ ਹੈ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਆਹ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਉੱਤੇ ਫੁੱਲ ਲੈ ਕੇ ਪੁੱਜੇ ਅਤੇ ਉਨ੍ਹਾਂ ਦੇ ਨਾਲ ਰੂਸੀ ਸੈਨਾ ਦੇ ਵਿਸ਼ੇਸ਼ ਗਾਇਕਾਂ ਦੀ ਵੀ ਇੱਕ ਟੋਲੀ ਸੀ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ ਹੈ। ਰਾਸ਼ਟਰਪਤੀ ਬਰਲਿਨ ਜਾਣ ਤੋਂ ਪਹਿਲਾਂ ਇੱਥੇ ਵਿਸ਼ੇਸ਼ ਤੌਰ ਉੱਤੇ ਰੁਕੇ।
ਇਸ ਮੌਕੇ ਦੀਆਂ ਫੋਟੋਆਂ ਅਨੁਸਾਰ ਨਾਇਸਲ (53) ਨੇ ਵਿਆਹ ਮੌਕੇ ਦੀ ਸਫੈਦ ਤੇ ਕਰੀਮ ਰੰਗ ਦੀ ਪੁਸ਼ਾਕ ਪਹਿਨੀ ਹੋਈ ਸੀ ਤੇ ਉਹ ਬੇਹੱਦ ਸਜ ਰਹੀ ਸੀ। ਉਹ ਡਾਂਸ ਕਰਨ ਸਮੇਂ ਪੂਤਿਨ ਦੇ ਨਾਲ ਗੱਲਾਂ ਵੀ ਕਰਦੀ ਦਿਖਾਈ ਦਿੰਦੀ ਹੈ। ਨਾਇਸਲ ਦੇ ਵਿਆਹ ਸਮਾਗਮ ਦੱਖਣੀ ਅਸਟਰੀਆ ਦੇ ਦੱਖਣੀ ਸੂਬੇ ਦੇ ਵਿੱਚ ਇੱਕ ਅੰਗੂਰਾਂ ਦੇ ਬਾਗ ਵਿੱਚ ਰੱਖਿਆ ਗਿਆ ਸੀ। ਉਸਦਾ ਜੀਵਨ ਸਾਥੀ ਵੱਡਾ ਕਾਰੋਬਾਰੀ ਵੁਲਫ਼ਗਾਂ ਮੇਲਾਈਂਗਰ ਹੈ। ਇਸ ਵਿਆਹ ਲਈ ਪੂਤਿਨ ਨੂੰ ਮਿਲੇ ਸੱਦਾ ਪੱਤਰ ਨੇ ਆਸਟਰੀਆ ਤੇ ਰੂਸ ਦੇ ਵਿੱਚ ਚਰਚਾ ਛੇੜ ਦਿੱਤੀ ਹੈ। ਆਸਟਰੀਆ ਵਾਸੀ ਇਸ ਵਿਆਹ ਮੌਕੇ ਪੂਤਿਨ ਦੇ ਪੁੱਜਣ ਤੋਂ ਬੇਹੱਦ ਉੱਤਸ਼ਾਹ ਵਿੱਚ ਹਨ ਤੇ ਸਮਝਦੇ ਹਨ ਕਿ ਇਸ ਤਰ੍ਹਾਂ ਆਸਟਰੀਆ, ਜੋ ਕਿ ਕੁਦਰਤੀ ਸੁੰਦਰਤਾ ਦੇ ਨਾਲ ਲਬਰੇਜ਼ ਹੈ, ਬਾਰੇ ਵਿਸ਼ਵ ਭਰ ਵਿੱਚ ਚਰਚਾ ਛਿੜੇਗੀ।