ਇਮਰਾਨ ਅੱਜ ਚੁੱਕਣਗੇ ਸਹੁੰ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਭਲਕੇ 18 ਅਗਸਤ ਨੂੰ ਮੁਲਕ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਪੀਟੀਆਈ ਮੁਖੀ ਨੂੰ ਅੱਜ ਹੋਈ ਵੋਟਿੰਗ ਦੌਰਾਨ ਕੌਮੀ ਅਸੈਂਬਲੀ ਦਾ ਆਗੂ ਚੁਣ ਲਿਆ ਗਿਆ। ਖ਼ਾਨ (65) ਨੂੰ ਅੱਜ ਸੰਸਦ ਦੇ ਹੇਠਲੇ ਸਦਨ ਵਿੱਚ ਵੋਟਾਂ ਦੀ ਗਿਣਤੀ ਦੇ ਆਧਾਰ ’ਤੇ ਹਾਊਸ ਦਾ ਆਗੂ ਥਾਪਿਆ ਗਿਆ। ਖ਼ਾਨ ਨੂੰ 176 ਜਦੋਂਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐਮਐਲ-ਐਨ) ਦੇ ਉਮੀਦਵਾਰ ਸ਼ਾਹਬਾਜ਼ ਸ਼ਰੀਫ਼ ਦੇ ਹਿੱਸੇ 96 ਵੋਟਾਂ ਆਈਆਂ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਿਲਾਵਲ ਭੁੱਟੋ, ਜੋ ਕਿ ਸਾਂਝੀ ਵਿਰੋਧੀ ਧਿਰ ਦਾ ਹਿੱਸਾ ਸਨ, ਵੋਟਿੰਗ ਮੌਕੇ ਗੈਰਹਾਜ਼ਰ ਰਹੇ। ਸਪੀਕਰ ਅਸਦ ਕੈਸਰ ਨੇ ਵੋਟਾਂ ਦੀ ਗਿਣਤੀ ਮਗਰੋਂ ਹਾਊਸ ਲੀਡਰ ਵਜੋਂ ਖ਼ਾਨ ਦੇ ਨਾਂ ਦਾ ਐਲਾਨ ਕੀਤਾ। ਅੱਜ ਵੋਟਿੰਗ ਤੋਂ ਪਹਿਲਾਂ ਸੰਸਦ ਵਿੱਚ ਪੁੱਜਣ ਮੌਕੇ ਖ਼ਾਨ ਨੇ ਕਿਹਾ ਕਿ ‘ਮੈਚ ਅਜੇ ਖ਼ਤਮ ਨਹੀਂ ਹੋਇਆ, ਇਹ ਤਾਂ ਅਜੇ ਸੁਫ਼ਨੇ ਦਾ ਇਕ ਹਿੱਸਾ ਹੀ ਸਿਰੇ ਚੜ੍ਹਿਆ ਹੈ।’
ਉਧਰ ਸੂਤਰਾਂ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਪਾਰਟੀ ਨੇ ਸੰਘੀ ਤੇ ਸੂਬਾਈ ਸੰਸਥਾਵਾਂ ਦੇ ਮੁਖੀਆਂ ਨੂੰ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ। ਸਿਆਸੀ ਆਧਾਰ ’ਤੇ ਸਿਆਸੀ ਅਹੁਦਿਆਂ ’ਤੇ ਤਾਇਨਾਤ ਤੇ ਤਬਦੀਲ ਕੀਤੇ ਜਾਣ ਵਾਲੇ ਸੰਘੀ ਸਕੱਤਰਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਇਸ ਦੌਰਾਨ ਪੀਟੀਆਈ ਮੁਖੀ ਨੇ ਹਦਾਇਤ ਕੀਤੀ ਹੈ ਕਿ ਸਹੁੰ ਚੁੱਕ ਸਮਾਗਮ ਨੂੰ ਸਾਦੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ। ਇਹ ਦਾਅਵਾ ਦੁਨੀਆ ਨਿਊਜ਼ ਨੇ ਆਪਣੀ ਇਕ ਰਿਪੋਰਟ ’ਚ ਕੀਤਾ ਹੈ। ਇਸਲਾਮਾਬਾਦ ਸਥਿਤ ਐਵਾਨ-ਏ-ਸਦਰ (ਰਾਸ਼ਟਰਪਤੀ ਹਾਊਸ) ਵਿੱਚ ਭਲਕੇ 18 ਅਗਸਤ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਚਾਹ ਤੇ ਬਿਸਕੁਟ ਦਿੱਤੇ ਜਾਣਗੇ। ਹਦਾਇਤ ਕੀਤੀ ਹੈ ਕਿ ਸਮਾਗਮ ਦੌਰਾਨ ਬੇਲੋੜਾ ਖਰਚ ਨਾ ਕੀਤਾ ਜਾਵੇ।