ਏਸ਼ਿਆਈ ਖੇਡਾਂ: ਪੂਨੀਆ, ਸਿੰਧੂ, ਕਰਮਾਕਰ ਅਤੇ ਥਾਪਾ ’ਤੇ ਰਹੇਗੀ ਸਭ ਦੀ ਨਜ਼ਰ

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੇ ਪਾਲੇਮਬਾਂਗ ਵਿੱਚ 18 ਅਗਸਤ ਤੋਂ ਸ਼ੁਰੂ ਹੋ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਆਪਣੇ ਜਿਨ੍ਹਾਂ ਖਿਡਾਰੀਆਂ ਤੋਂ ਤਗ਼ਮਿਆਂ ਦੀ ਆਸ ਰਹੇਗੀ ਉਨ੍ਹਾਂ ਵਿੱਚ ਓਲੰਪਿਕ ਤਗ਼ਮਾ ਜੇਤੂ ਸ਼ਟਲਰ ਪੀ.ਵੀ.ਸਿੰਧੂ, ਪਹਿਲਵਾਨ ਬਜਰੰਗ ਪੂਨੀਆ, ਰਬੜ ਦੀ ਗੁੱਡੀ ਦੀਪਾ ਕਰਮਾਕਰ, ਮੁੱਕੇਬਾਜ਼ ਸ਼ਿਵ ਥਾਪਾ, ਨਿਸ਼ਾਨੇਬਾਜ਼ ਮਨੂ ਭਾਕਰ ਆਦਿ ਹਨ। ਉਂਜ ਭਾਰਤੀ ਖੇਡ ਦਲ ਵਿੱਚ ਅਜਿਹੇ ਕਈ ਖਿਡਾਰੀ ਸ਼ਾਮਲ ਹਨ, ਜੋ ਛੁਪੇ ਰੁਸਤਮ ਸਾਬਤ ਹੋ ਸਕਦੇ ਹਨ।
ਬਜਰੰਗ ਪੂਨੀਆ: ਹਰਿਆਣਾ ਦੇ 24 ਸਾਲਾ ਪਹਿਲਵਾਨ ਨੇ ਇੰਚਿਓਨ ਏਸ਼ੀਆਡ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਸ਼ਾਨਦਾਰ ਲੈਅ ਵਿੱਚ ਚੱਲ ਰਿਹਾ ਇਹ ਪਹਿਲਵਾਨ 65 ਕਿਲੋ ਫ੍ਰੀਸਟਾਈਲ ਵਿੱਚ ਤਗ਼ਮੇ ਦਾ ਦਾਅਵੇਦਾਰ ਹੈ ਤੇ ਇਸ ਸਾਲ ਤਿੰਨ ਟੂਰਨਾਮੈਂਟ ਜਿੱਤ ਚੁੱਕਾ ਹੈ। ਗੋਲਡਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮੇ ਤੋਂ ਇਲਾਵਾ ਉਸ ਨੇ ਜਾਰਜੀਆ ਤੇ ਇਸਤੰਬੁਲ ਵਿੱਚ ਦੋ ਟੂਰਨਾਮੈਂਟ ਜਿੱਤੇ ਹਨ।
ਸਾਇਨਾ ਨੇਹਵਾਲ: ਭਾਰਤ ਵਿੱਚ ਬੈਡਮਿੰਟਨ ਦੀ ਹਰਮਨਪਿਆਰਤਾ ਦਾ ਗ੍ਰਾਫ਼ ਚੁੱਕਣ ਵਾਲੀ ਸਾਇਨਾ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਿੱਚ ਨਾਕਾਮ ਰਹੀ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਜਿਸ ਤਰੀਕੇ ਨਾਲ ਮਾਰਿਨ ਨੇ ਉਸ ਨੂੰ ਹਰਾਇਆ, ਉਹ ਚੰਗਾ ਸੰਕੇਤ ਨਹੀਂ ਹੈ। ਪਰ ਉਸ ਦੇ ਤਜਰਬੇ ਤੇ ਸਮਰੱਥਾ ਨੂੰ ਵੇਖਦਿਆਂ ਉਸ ਤੋਂ ਤਗ਼ਮੇ ਦੀ ਵੱਡੀ ਆਸ ਹੈ।ਪੀ.ਵੀ.ਸਿੰਧੂ: ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪੀ.ਵੀ.ਸਿੰਧੂ ਤੋਂ ਕਾਫੀ ਉਮੀਦਾਂ ਹਨ। ਭਾਰਤੀ ਸ਼ਟਲਰ ਨੂੰ ਨਾਂਜਿੰਗ ਵਿੱਚ ਕੈਰੋਲੀਨਾ ਮਾਰਿਨ ਤੋਂ ਮਿਲੀ ਹਾਰ ਨੂੰ ਭੁਲਾ ਕੇ ਖੇਡਣਾ ਹੋਵੇਗਾ। ਚਾਰ ਵੱਡੇ ਖਿਤਾਬੀ ਮੁਕਾਬਲੇ ਗੁਆਉਣ ਵਾਲੀ ਸਿੰਧੂ ’ਤੇ ਇਸ ਕਲੰਕ ਨੂੰ ਧੋਣ ਦਾ ਵੀ ਦਬਾਅ ਰਹੇਗਾ।
ਵਿਨੇਸ਼ ਫੋਗਾਟ: ਰੀਓ ਓਲੰਪਿਕ ਵਿੱਚ ਪੈਰ ’ਤੇ ਸੱਟ ਲੁਆਉਣ ਵਾਲੀ ਵਿਨੇਸ਼ ਵਾਪਸੀ ਕਰ ਰਹੀ ਹੈ। ਉਸ ਨੇ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਤੇ ਮੈਡਰਿਡ ਵਿੱਚ ਸਪੇਨ ਗ੍ਰਾਂ ਪ੍ਰੀ ਜਿੱਤੀ। ਉਹ 50 ਕਿਲੋ ਵਿੱਚ ਤਗ਼ਮੇ ਦੀ ਪ੍ਰਬਲ ਦਾਅਵੇਦਾਰ ਹੈ।
ਕੇ.ਸ੍ਰੀਕਾਂਤ: ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸ੍ਰੀਕਾਂਤ ਪੁਰਸ਼ ਸਿੰਗਲਜ਼ ਵਿੱਚ ਭਾਰਤ ਦੀ ਇਕੋ ਇਕ ਉਮੀਦ ਹੈ। ਅਪਰੈਲ ਵਿੱਚ ਸਿਖਰਲਾ ਦਰਜਾ ਹਾਸਲ ਕਰਨ ਵਾਲੇ ਸ੍ਰੀਕਾਂਤ ਨੂੰ ਚੀਨ, ਇੰਡੋਨੇਸ਼ੀਆ ਤੇ ਜਾਪਾਨ ਦੇ ਖਿਡਾਰੀਆਂ ਤੋਂ ਵੱਡੀ ਚੁਣੌਤੀ ਦਰਪੇਸ਼ ਰਹੇਗੀ।
ਮਨੂ ਭਾਕਰ: ਹਰਿਆਣਾ ਦੀ 16 ਸਾਲਾ ਸਕੂਲੀ ਵਿਦਿਆਰਥਣ ਪਿਛਲੇ ਸਾਲ ਦਮਦਾਰ ਪ੍ਰਦਰਸ਼ਨ ਸਦਕਾ ਸੁਰਖੀਆਂ ’ਚ ਰਹੀ ਸੀ। ਆਈਐਸਐਸਐਫ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਮਨੂ ਸਭ ਤੋਂ ਯੁਵਾ ਭਾਰਤੀ ਨਿਸ਼ਾਨੇਬਾਜ਼ ਬਣੀ। ਉਸ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਤੇ 10 ਮੀਟਰ ਏਅਰ ਪਿਸਟਲ ਵਿੱਚ ਮੁੱਖ ਦਾਅਵੇਦਾਰ ਹੈ।
ਦੀਪਾ ਕਰਮਾਕਰ: ਗੋਡੇ ਦੀ ਸੱਟ ਕਰਕੇ ਰਾਸ਼ਟਰਮੰਡਲ ਖੇਡਾਂ ਤੋਂ ਬਾਹਰ ਰਹੀ ਦੀਪਾ ਨੇ ਤੁਰਕੀ ਵਿੱਚ ਵਿਸ਼ਵ ਚੈਲੰਜ ਵਿੱਚ ਸੋਨ ਤਗ਼ਮਾ ਜਿੱਤ ਕੇ ਵਾਪਸੀ ਕੀਤੀ ਹੈ। ਰੀਓ ਓਲੰਪਿਕ ਵਿੱਚ ਚੌਥੀ ਥਾਂ ਮੱਲਣ ਵਾਲੀ ਦੀਪਾ ਏਸ਼ੀਆਡ ਵਿੱਚ ਤਗ਼ਮੇ ਦੀ ਵੱਡੀ ਦਾਅਵੇਦਾਰ ਹੈ।
ਹਿਮਾ ਦਾਸ: ਅਸਮ ਦੇ ਇਕ ਪਿੰਡ ਦੀ 20 ਸਾਲਾ ਕੁੜੀ ਨੂੰ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਛੇਵੀਂ ਥਾਂ ਮਿਲੀ ਸੀ। ਉਹ ਆਈਏਏਐਫ ਟਰੈਕ ਤੇ ਫੀਲਡ ਮੁਕਾਬਲੇ ਵਿੱਚ ਚਾਰ ਸੌ ਮੀਟਰ ’ਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ।
ਰੋਹਨ ਬੋਪੰਨਾ ਤੇ ਦਿਵਿਜ ਸ਼ਰਣ: ਮੋਢੇ ਦੀ ਸੱਟ ਤੋਂ ਉਭਰ ਚੁੱਕੇ ਰੋਹਨ ਬੋਪੰਨਾ ਨੇ ਜੇਕਰ ਆਪਣੀ ਸਮਰੱਥਾ ਮੁਤਾਬਕ ਖੇਡ ਸਕਿਆ ਤਾਂ ਉਹ ਦਿਵਿਜ ਨਾਲ ਡਬਲਜ਼ ਵਰਗ ਵਿੱਚ ਤਗ਼ਮੇ ਦਾ ਮੁੱਖ ਦਾਅਵੇਦਾਰ ਹੋਵੇਗਾ।
ਸ਼ਿਵਾ ਥਾਪਾ: ਪੁਰਸ਼ਾਂ ਦੇ 60 ਕਿਲੋ ਵਰਗ ਵਿੱਚ ਥਾਪਾ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਦੇ ਆਹਰ ਵਿੱਚ ਰਹੇਗਾ। ਏਸ਼ਿਆਈ ਚੈਂਪੀਅਨਸ਼ਿਪ ਵਿੱਚ ਉਪਰੋਥੱਲੀ ਤਿੰਨ ਤਗ਼ਮੇ ਜਿੱਤ ਕੇ ਇਸ ਮੁੱਕੇਬਾਜ਼ ਦਾ ਸਵੈ ਭਰੋਸਾ ਵਧਿਆ ਹੈ।