ਹਾਕੀ: ਭਾਰਤ ਨੇ ਇੰਡੋਨੇਸ਼ੀਆ ਨੂੰ 17-0 ਗੋਲਾਂ ਨਾਲ ਹਰਾਇਆ

ਮੌਜੂਦਾ ਚੈਂਪੀਅਨ ਭਾਰਤ ਨੇ ਇੰਡੋਨੇਸ਼ੀਆ ਖ਼ਿਲਾਫ਼ ਬੇਰਹਿਮ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਨੂੰ 18ਵੀਆਂ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਵਿੱਚ ਅੱਜ 17-0 ਗੋਲਾਂ ਨਾਲ ਹਰਾ ਦਿੱਤਾ। ਭਾਰਤ ਨੇ ਆਪਣੀ ਖ਼ਿਤਾਬ ਬਚਾਓ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਅੱਧੇ ਸਮੇਂ ਤੱਕ ਪੂਲ ‘ਏ’ ਦੇ ਇਸ ਮੁਕਾਬਲੇ ਵਿੱਚ 9-0 ਗੋਲਾਂ ਦੀ ਲੀਡ ਬਣਾ ਲਈ ਸੀ। ਭਾਰਤੀ ਮਹਿਲਾ ਟੀਮ ਨੇ ਵੀ ਕੱਲ੍ਹ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦਿਆਂ ਇੰਡੋਨੇਸ਼ੀਆ ਦੀ ਟੀਮ ਨੂੰ 8-0 ਨਾਲ ਹਰਾਇਆ ਸੀ।
ਭਾਰਤ ਨੇ ਪਹਿਲੇ ਹੀ ਮਿੰਟ ਵਿੱਚ ਗੋਲ ਨਾਲ ਸ਼ੁਰੂਆਤ ਕੀਤੀ ਅਤੇ 54ਵੇਂ ਮਿੰਟ ਤੱਕ ਜਾਂਦੇ-ਜਾਂਦੇ 17 ਗੋਲ ਦਾਗ਼ ਦਿੱਤੇ। ਭਾਰਤ ਦੀ ਜਿੱਤ ਵਿੱਚ ਦਿਲਪ੍ਰੀਤ ਸਿੰਘ, ਸਿਮਰਨਜੀਤ ਸਿੰਘ ਅਤੇ ਮਨਦੀਪ ਸਿੰਘ ਨੇ 3-3 ਗੋਲ ਦਾਗ਼ੇ। ਡਰੈਗ ਫਿਲਕਰ ਰੁਪਿੰਦਰਪਾਲ ਸਿੰਘ ਨੇ ਭਾਰਤ ਦੇ ਪਹਿਲੇ ਦੋ ਗੋਲ ਤਿੰਨ ਮਿੰਟ ਦੇ ਅੰਦਰ ਪੈਨਲਟੀ ਕਾਰਨਰ ’ਤੇ ਕੀਤੇ।
ਰੁਪਿੰਦਰ ਨੇ ਪਹਿਲੇ ਅਤੇ ਤੀਜੇ ਮਿੰਟ ਵਿੱਚ ਦੋ ਗੋਲ ਕਰਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ। ਦਿਲਪ੍ਰੀਤ ਨੇ ਸੱਤਵੇਂ ਮਿੰਟ ਵਿੱਚ ਤੀਜਾ, ਆਕਾਸ਼ਦੀਪ ਸਿੰਘ ਨੇ ਦਸਵੇਂ ਮਿੰਟ ਵਿੱਚ ਚੌਥਾ, ਸਿਮਰਨਜੀਤ ਸਿੰਘ ਨੇ 13ਵੇਂ ਮਿੰਟ ਵਿੱਚ ਪੰਜਵਾਂ ਅਤੇ ਐਸਵੀ ਸੁਨੀਲ ਨੇ 25ਵੇਂ ਮਿੰਟ ਵਿੱਚ ਛੇਵਾਂ ਗੋਲ ਕੀਤਾ। ਵਿਵੇਕ ਸਾਗਰ ਨੇ 27ਵੇਂ ਮਿੰਟ ਵਿੱਚ ਸੱਤਵਾਂ, ਮਨਦੀਪ ਨੇ 30ਵੇਂ ਮਿੰਟ ਵਿੱਚ ਅੱਠਵਾਂ ਅਤੇ ਦਿਲਪ੍ਰੀਤ ਨੇ ਇਸੇ ਮਿੰਟ ਵਿੱਚ ਨੌਵਾਂ ਗੋਲ ਕਰ ਦਿੱਤਾ। ਹਰਮਨਪ੍ਰੀਤ ਸਿੰਘ ਨੇ 31ਵੇਂ ਮਿੰਟ ਵਿੱਚ ਭਾਰਤ ਦਾ ਦਸਵਾਂ ਗੋਲ ਦਾਗ਼ਿਆ।
ਦਿਲਪ੍ਰੀਤ ਨੇ 32ਵੇਂ ਮਿੰਟ ਵਿੱਚ 11ਵਾਂ, ਸਿਮਰਨਜੀਤ ਨੇ 38ਵੇਂ ਮਿੰਟ ਵਿੱਚ 12ਵਾਂ, ਲਲਿਤ ਉਪਾਧਿਆਇ ਨੇ 44ਵੇਂ ਮਿੰਟ ਵਿੱਚ 13ਵਾਂ, ਮਨਦੀਪ ਨੇ 46ਵੇਂ ਅਤੇ 49ਵੇਂ ਮਿੰਟ ਵਿੱਚ 14ਵਾਂ ਤੇ 15ਵਾਂ, ਸਿਮਰਨਜੀਤ ਨੇ 53ਵੇਂ ਮਿੰਟ ਵਿੱਚ 16ਵਾਂ ਅਤੇ ਅਮਿਤ ਰੋਹਿਦਾਸ ਨੇ 54ਵੇਂ ਮਿੰਟ 17ਵਾਂ ਗੋਲ ਕੀਤਾ। ਪੂਲ ‘ਏ’ ਦੇ ਹੋਰ ਮੈਚਾਂ ਵਿੱਚ ਕੋਰੀਆ ਨੇ ਹਾਂਗਕਾਂਗ ਨੂੰ 11-0 ਨਾਲ ਅਤੇ ਜਾਪਾਨ ਨੇ ਸ੍ਰੀਲੰਕਾ ਨੂੰ 11-0 ਨਾਲ ਹਰਾਇਆ।