ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਆਪਣੇ ਤੀਜੇ ਮੈਚ ਵਿੱਚ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਪੇਨ ਨੂੰ 5-2 ਨਾਲ ਹਰਾ ਕੇ ਉਲਟ-ਫੇਰ ਕੀਤਾ। ਭਾਰਤ ਵੱਲੋਂ ਮਿਜ਼ੋਰਮ ਦੀ ਮੁਟਿਆਰ ਸਟਰਾਈਕਰ ਲਾਲਰੇਮਸਿਆਮੀ (17ਵੇਂ ਅਤੇ 58ਵੇਂ ਮਿੰਟ) ਨੇ ਦੋ ਗੋਲ ਦਾਗ਼ੇ, ਜਦਕਿ ਨੇਹਾ ਗੋਇਲ (21ਵੇਂ ਮਿੰਟ), ਨਵਨੀਤ ਕੌਰ (32ਵੇਂ ਮਿੰਟ) ਅਤੇ ਰਾਣੀ ਰਾਮਪਾਲ (51ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਇਸ ਜਿੱਤ ਦੀ ਬਦੌਲਤ ਭਾਰਤ ਨੇ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਭਾਰਤ ਨੂੰ ਪਹਿਲੇ ਮੈਚ ਵਿੱਚ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਦੂਜੇ ਮੈਚ ਵਿੱਚ ਉਸ ਨੇ ਸਪੇਨ ਨੂੰ 1-1 ਨਾਲ ਬਰਾਬਰੀ ’ਤੇ ਰੋਕ ਦਿੱਤਾ ਸੀ। ਸਪੇਨ ਵੱਲੋਂ ਦੋਵੇਂ ਗੋਲ ਬਰਟਾ ਬੋਨਾਸਟਰੇਅ ਨੇ ਕੀਤੇ। ਮੈਚ ਦਾ ਪਹਿਲਾ ਗੋਲ ਬਰਟਾ ਨੇ ਸੱਤਵੇਂ ਮਿੰਟ ਵਿੱਚ ਦਾਗ਼ਿਆ, ਪਰ ਲਾਲਰੇਮਸਿਆਮੀ ਨੇ 17ਵੇਂ ਮਿੰਟ ਵਿੱਚ ਭਾਰਤ ਨੂੰ ਬਰਾਬਰੀ ਦਿਵਾ ਦਿੱਤੀ। ਚਾਰ ਮਿੰਟ ਮਗਰੋਂ ਨੇਹਾ ਨੇ ਇੱਕ ਹੋਰ ਗੋਲ ਦਾਗ਼ ਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਨਵਨੀਤ ਨੇ 35ਵੇਂ ਮਿੰਟ ਵਿੱਚ ਭਾਰਤ ਦੀ ਲੀਡ ਨੂੰ 3-1 ਕੀਤਾ, ਪਰ ਬਰਟਾ ਨੇ ਇੱਕ ਹੋਰ ਗੋਲ ਦਾਗ਼ ਕੇ ਮਹਿਮਾਨ ਟੀਮ ਦੀ ਲੀਡ ਨੂੰ 3-2 ਤੱਕ ਸੀਮਤ ਕਰ ਦਿੱਤਾ। ਕਪਤਾਨ ਰਾਣੀ ਨੇ 51ਵੇਂ ਮਿੰਟ ਵਿੱ ਭਾਰਤ ਵੱਲੋਂ ਚੌਥਾ ਗੋਲ ਕੀਤਾ, ਜਦਕਿ ਲਾਲਰੇਮਸਿਆਮੀ ਨੇ ਆਖ਼ਰੀ ਪਲਾਂ ਵਿੱਚ ਇੱਕ ਹੋਰ ਗੋਲ ਕਰਕੇ ਭਾਰਤ ਦੀ 5-2 ਨਾਲ ਜਿੱਤ ਪੱਕੀ ਕਰ ਦਿੱਤੀ।ਭਾਰਤ ਦੇ ਮੁੱਖ ਕੋਚ ਸਯੋਰਡ ਮਾਰਿਨ ਨੇ ਕਿਹਾ, ‘‘ਮੈਂ ਪ੍ਰਦਰਸ਼ਨ ਤੋਂ ਖ਼ੁਸ਼ ਹਾਂ। ਅਸੀਂ ਆਪਣੇ ਪ੍ਰਦਰਸ਼ਨ ਵਿੱਚ ਵੱਧ ਲਗਾਤਾਰਤਾ ਲਿਆਉਣ ’ਤੇ ਕੰਮ ਕਰ ਰਹੇ ਹਾਂ ਅਤੇ ਹਰੇਕ ਮੈਚ ਨਾਲ ਸਾਡੇ ਅੰਦਰ ਸੁਧਾਰ ਹੋ ਰਿਹਾ ਹੈ ਅਤੇ ਇਹ ਇੱਕ ਪ੍ਰਕਿਰਿਆ ਹੈ ਅਤੇ ਹੋਰ ਸੁਧਾਰ ਕਰਨ ਲਈ ਇਸ ਪ੍ਰਦਰਸ਼ਨ ਨੂੰ ਦੁਹਰਾਉਣਾ ਹੋਵੇਗਾ।’’ ਭਾਰਤ ਸਪੇਨ ਖ਼ਿਲਾਫ਼ ਚੌਥਾ ਮੈਚ ਵੀਰਵਾਰ ਨੂੰ ਖੇਡੇਗਾ।
Sports ਹਾਕੀ: ਭਾਰਤੀ ਮਹਿਲਾਵਾਂ ਨੇ ਕੀਤਾ ਉਲਟ-ਫੇਰ