ਹਾਕੀ ਟੀਮ ਨੂੰ ਮਨੋਵਿਗਿਆਨੀ ਦੀ ਲੋੜ ਨਹੀਂ: ਕੋਚ

ਮੁੰਬਈ: ਭਾਰਤੀ ਹਾਕੀ ਟੀਮ ਦੀ ਆਖ਼ਰੀ ਪਲਾਂ ਵਿੱਚ ਗੋਲ ਗੁਆਉਣ ਦੀ ਸਮੱਸਿਆਵਾਂ ਨੇ ਚਿੰਤਾ ਵਧਾ ਦਿੱਤੀ ਹੈ, ਪਰ ਪੁਰਸ਼ ਟੀਮ ਦੇ ਕੋਚ ਹਰਿੰਦਰ ਸਿੰਘ ਨੇ ਮਨੋਵਿਗਿਆਨੀ ਰੱਖਣ ਦੇ ਵਿਚਾਰ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਸ਼ਬਦ ਵਿੱਚ ‘ਨਾਕਾਰਾਤਮਕ ਝਲਕ’ ਪੈਂਦੀ ਹੈ। ਪੁਰਸ਼ ਟੀਮ ਨੇ ਹਾਲ ਹੀ ਵਿੱਚ ਖ਼ਤਮ ਹੋਈਆਂ ਏਸ਼ਿਆਈ ਖੇਡਾਂ ਦੌਰਾਨ ਸੈਮੀ ਫਾਈਨਲ ਵਿੱਚ ਸ਼ੂਟਆਊਟ ਵਿੱਚ ਮਲੇਸ਼ੀਆ ਤੋਂ ਹਾਰਨ ਮਗਰੋਂ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਭਾਰਤ ਨੇ ਕਾਂਸੀ ਦੇ ਤਗ਼ਮੇ ਦੇ ਪਲੇਆਫ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। ਇਸ ਤਰ੍ਹਾਂ ਟੀਮ ਸੋਨ ਤਗ਼ਮੇ ਤੋਂ ਖੁੰਝਣ ਦੇ ਨਾਲ ਹੀ 2020 ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨ ਦਾ ਮੌਕਾ ਵੀ ਗੁਆ ਬੈਠੀ। ਇਹ ਪੁੱਛਣ ’ਤੇ ਕਿ ਟੀਮ ਨੂੰ ਦਬਾਅ ਵਾਲੇ ਹਾਲਾਤ ਨਾਲ ਨਜਿੰਠਣ ਲਈ ਪੇਸ਼ਵਰ ਮਦਦ ਦੀ ਲੋੜ ਹੈ ਤਾਂ ਹਰਿੰਦਰ ਨੇ ਇਸ ਤੋਂ ਇਨਕਾਰ ਕੀਤਾ।