ਹਮਲਾਵਰ ਹਾਕੀ ਭਾਰਤ ਦਾ ਮਜ਼ਬੂਤ ਪੱਖ: ਮਨਪ੍ਰੀਤ

ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਨੈਦਰਲੈਂਡ ਨਾਲ ਮੁਕਾਬਲੇ ਦੀ ਉਮੀਦ ਕਰ ਰਹੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਅੱਜ ਇੱਥੇ ਕਿਹਾ ਕਿ ਉਹ ਹਮਲਾਵਰ ਹਾਕੀ ਖੇਡਣਾ ਜਾਰੀ ਰੱਖਣਗੇ ਕਿਉਂਕਿ ਹੁਣ ਟੂਰਨਾਮੈਂਟ ਵਿੱਚ ਗ਼ਲਤੀ ਕਰਨ ਦੀ ਕੋਈ ਗੁੰਜ਼ਾਇਸ਼ ਨਹੀਂ ਰਹੀ। ਕੁਆਰਟਰ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਨੈਦਰਲੈਂਡ ਨਾਲ ਹੋ ਸਕਦਾ ਹੈ।
ਜ਼ਿਆਦਾਤਰ ਲੋਕਾਂ ਨੂੰ ਲਗਦਾ ਹੈ ਕਿ ਨੈਦਰਲੈਂਡ ਦੀ ਟੀਮ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰੇਗੀ। ਭਾਰਤੀ ਕਪਤਾਨ ਨੇ ਕਿਹਾ, ‘‘ਅਸੀਂ ਉਮੀਦ ਕਰ ਰਹੇ ਹਾਂ ਕਿ ਹਾਲੈਂਡ (ਨੈਦਰਲੈਂਡ) ਦੀ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚੇਗੀ, ਕਿਉਂਕਿ ਉਸ ਦੀ ਟੀਮ ਕਾਫੀ ਬਿਹਤਰ ਹੈ, ਪਰ ਕੋਈ ਵੀ ਕੁਆਰਟਰ ਫਾਈਨਲ ਵਿੱਚ ਪਹੁੰਚੇ। ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਜਾਰੀ ਰੱਖਾਂਗੇ। ਇਹ ਨਾਕਆਊਟ ਦਾ ਮੈਚ ਹੋਵੇਗਾ, ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ, ਜਿਸ ਵਿੱਚ ਦੂਜਾ ਮੌਕਾ ਨਹੀਂ ਮਿਲੇਗਾ। ਸਾਨੂੰ ਕੋਈ ਵੀ ਮੌਕਾ ਖੁੰਝਾਉਣਾ ਨਹੀਂ ਹੋਵੇਗਾ ਅਤੇ ਨਾਲ ਹੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਦੂਜੀ ਟੀਮ ਨੂੰ ਘੱਟ ਮੌਕਾ ਦੇਈਏ।’’
ਮਨਪ੍ਰੀਤ ਨੇ ਕਿਹਾ, ‘‘ਸਾਨੂੰ ਹਮਲਾਵਰ ਹਾਕੀ ਖੇਡਣੀ ਹੋਵੇਗੀ, ਜੋ ਸਾਡਾ ਮਜ਼ਬੂਤ ਪੱਖ ਹੈ। ਅਸੀਂ ਜਦੋਂ ਰੱਖਿਆਤਮਕ ਹਾਕੀ ਖੇਡਦੇ ਹਾਂ ਤਾਂ ਅਸੀਂ ਬਹੁਤ ਜ਼ਿਆਦਾ ਰੱਖਿਆਤਮਕ ਹੋ ਜਾਂਦੇ ਹਾਂ, ਜਿਸ ਨਾਲ ਵਿਰੋਧੀ ਟੀਮ ਨੂੰ ਵੱਧ ਮੌਕੇ ਮਿਲਦੇ ਹਨ। ਸਾਨੂੰ ਸ਼ੁਰੂ ਤੋਂ ਉਨ੍ਹਾਂ ’ਤੇ ਦਬਾਅ ਬਣਾਉਣਾ ਹੋਵੇਗਾ।’’ ਉਸ ਨੇ ਕਿਹਾ ਕਿ ਕੁਆਰਟਰ ਫਾਈਨਲ ਵਿੱਚ ਮੌਕਿਆਂ ਦਾ ਫ਼ਾਇਦਾ ਉਠਾਉਣਾ ਹੋਵੇਗਾ, ਜੋ ਜਿੱਤ ਲਈ ਜ਼ਰੂਰੀ ਹੈ।
ਕਪਤਾਨ ਨੇ ਕਿਹਾ, ‘‘ਸਾਡਾ ਟੀਚਾ ਡਿਫੈਂਸ ਨੂੰ ਮਜ਼ਬੂਤ ਕਰਨ ਦਾ ਹੋਵੇਗਾ। ਹਾਲੈਂਡ ਕੋਲ ਮਿੱਡਫੀਲਡ ਵਿੱਚ ਮਾਹਿਰ ਅਤੇ ਬਹੁਤ ਚੰਗੇ ਖਿਡਾਰੀ ਹਨ। ਉਨ੍ਹਾਂ ਕੋਲ ਚੰਗੇ ਸਟਰਾਈਕਰ ਹਨ। ਸਾਡਾ ਟੀਚਾ ਸ਼ੁਰੂ ਵਿੱਚ ਹਮਲਾ ਕਰਨ ਦਾ ਹੋਵੇਗਾ।’’