ਸੱਤਾ ’ਚ ਵਾਪਸੀ ਲਈ ਮੁਸ਼ੱਰਫ਼ ਨੇ ਅਮਰੀਕਾ ਤੋਂ ਮੰਗੀ ਸੀ ਮਦਦ

ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਤੇ ਫੌਜ ਮੁਖੀ ਪਰਵੇਜ਼ ਮੁਸ਼ੱਰਫ਼ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਕਥਿਤ ਤੌਰ ’ਤੇ ਮੁੜ ਸੱਤਾ ਹਾਸਲ ਕਰਨ ਲਈ ਅਮਰੀਕਾ ਤੋਂ ਹਮਾਇਤ ਮੰਗਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਅਮਰੀਕਾ ਦੇ ਸੰਸਦ ਮੈਂਬਰਾਂ ਨੂੰ ਇਹ ਦੱਸਦੇ ਦਿਖਾਈ ਦੇ ਰਹੇ ਹਨ ਕਿ ਉਹ ਇਸ ਗੱਲੋਂ ‘ਸ਼ਰਮਿੰਦਾ’ ਹਨ ਕਿ ਆਈਐੱਸਆਈ ਨੂੰ ਅਲਕਾਇਦਾ ਦੇ ਸਰਗਣੇ ਓਸਾਮਾ ਬਿਨ ਲਾਦੇਨ ਦੇ ਟਿਕਾਣੇ ਦਾ ਪਤਾ ਲੱਗਣ ’ਤੇ ਉਨ੍ਹਾਂ ਦਾ ਰਵੱਈਆ ਆਸ ਤੋਂ ਉਲਟ ਰਿਹਾ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵੀਡੀਓ ਕਦੋਂ ਬਣਾਈ ਗਈ ਹੈ।
ਪਾਕਿਸਤਾਨ ਦੇ ਕਾਲਮਨਵੀਸ ਗੁਲ ਬੁਖਾਰੀ ਵੱਲੋਂ ਪੋਸਟ ਕੀਤੀ ਗਈ ਇਸ ਵੀਡੀਓ ’ਚ, ‘ਸਾਬਕਾ ਰਾਸ਼ਰਟਪਤੀ ਨੇ ਕਿਹਾ ਕਿ ਉਹ ਸੋਚਦੇ ਹਨ ਕਿ ਆਈਐੱਸਆਈ ਦਾ ਰਵੱਈਆ ਮੁਆਫ਼ ਕਰਨ ਲਾਇਕ ਨਹੀਂ ਸੀ।’ ਵੀਡੀਓ ’ਚ ਉਹ ਕਹਿ ਰਹੇ ਹਨ, ‘ਮੈਂ ਬੱਸ ਇਹ ਕਹਿ ਰਿਹਾ ਹਾਂ ਕਿ ਮੇਰੀ ਪਹਿਲਾਂ ਤੋਂ ਹੀ ਭਰੋਸੇਯੋਗਤਾ ਹੈ। ਮੈਨੂੰ ਫਿਰ ਤੋਂ ਸੱਤਾ ਵਿੱਚ ਆਉਣ ਦੀ ਜ਼ਰੂਰਤ ਹੈ ਅਤੇ ਮੇਰੀ ਹਮਾਇਤ ਕੀਤੀ ਜਾਣੀ ਚਾਹੀਦੀ ਹੈ। ਸ਼ਰ੍ਹੇਆਮ ਨਹੀਂ ਬਲਕਿ ਗੁਪਤ ਢੰਗ ਨਾਲ।’ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਅਤਿਵਾਦ ਖ਼ਿਲਾਫ਼ ਲੜਾਈ ਲਈ ਅਮਰੀਕਾ ਵੱਲੋਂ ਦਿੱਤੀ ਵਿੱਤੀ ਮਦਦ ਦੀ ਵਰਤੋਂ ਗਰੀਬੀ ਰੇਖਾ ਨੂੰ 34 ਤੋਂ 17 ਫੀਸਦ ਤੱਕ ਲਿਆਉਣ ਲਈ ਕੀਤੀ ਸੀ। ਪਰਵੇਜ਼ ਮੁਸ਼ੱਰਫ਼ (75) ਮਹਾਦੋਸ਼ ਦੇ ਮੁਕੱਦਮੇ ਤੋਂ ਬਚਣ ਲਈ ਅਸਤੀਫ਼ਾ ਦੇਣ ਤੋਂ ਪਹਿਲਾਂ 2001 ਤੋਂ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਸਨ। ਉਹ ਮਾਰਚ 2016 ਤੋਂ ਦੁਬਈ ’ਚ ਰਹਿ ਰਹੇ ਹਨ।