ਸੇਰੇਨਾ ਨੂੰ ਹਰਾ ਕੇ ਓਸਾਕਾ ਬਣੀ ਯੂਐਸ ਓਪਨ ਚੈਂਪੀਅਨ

ਜਾਪਾਨ ਦੀ ਨਾਓਮੀ ਓਸਾਕਾ ਨੇ ਯੂਐਸ ਓਪਨ ਫਾਈਨਲ ਵਿੱਚ ਆਪਣੀ ਬਚਪਨ ਦੀ ਆਦਰਸ਼ ਸਾਬਕਾ ਅੱਵਲ ਨੰਬਰ ਖਿਡਾਰਨ ਸੇਰੇਨਾ ਵਿਲੀਅਮਜ਼ ਨੂੰ ਹਰਾ ਕੇ ਚੈਂਪੀਅਨ ਬਣ ਗਈ ਹੈ। ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੀ ਉਹ ਆਪਣੇ ਦੇਸ਼ ਦੀ ਪਹਿਲੀ ਖਿਡਾਰੀ ਹੈ। ਨਾਓਮੀ ਓਸਾਕਾ ਨੇ ਫਾਈਨਲ ਵਿੱਚ ਪਹੁੰਚਣ ਮਗਰੋਂ ਕਿਹਾ ਸੀ ਕਿ ਉਸ ਦਾ ਬਚਪਨ ਦੀ ਆਦਰਸ਼ ਸੇਰੇਨਾ ਵਿਲੀਅਮਜ਼ ਨਾਲ ਯੂਐਸ ਓਪਨ ਖੇਡਣ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਹਾਲਾਂਕਿ ਉਸ ਨੂੰ ਇਸ ਗੱਲ ਦੀ ਉਮੀਦ ਨਹੀਂ ਹੋਵੇਗੀ ਕਿ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਨੂੰ ਲਗਾਤਾਰ ਸੈੱਟਾਂ ਵਿੱਚ ਉਹ ਆਸਾਨੀ ਨਾਲ ਹਰਾ ਕੇ ਜਾਪਾਨ ਦੀ ਪਹਿਲੀ ਮੇਜਰ ਚੈਂਪੀਅਨ ਬਣ ਜਾਵੇਗੀ।
ਵੀਹ ਸਾਲ ਦੀ ਓਸਾਕਾ ਨੇ ਅਮਰੀਕਾ ਦੀ ਖਿਡਾਰਨ ਸੇਰੇਨਾ ਨੂੰ ਮਹਿਲਾ ਸਿੰਗਲਜ਼ ਫਾਈਨਲ ਵਿੱਚ ਲਗਾਤਾਰ ਸੈੱਟਾਂ ਵਿੱਚ 6-2, 6-4 ਨਾਲ ਹਰਾਇਆ। ਪਹਿਲੀ ਵਾਰ ਗਰੈਂਡ ਸਲੇਮ ਵਿੱਚ ਪਹੁੰਚੀ ਓਸਾਕਾ ਅਤੇ ਛੇ ਵਾਰ ਦੀ ਚੈਂਪੀਅਨ ਸੇਰੇਨਾ ਵਿਚਾਲੇ ਫਾਈਨਲ ਇਕਪਾਸੜ ਹੋਣ ਦੀ ਥਾਂ ਦਿਲਚਸਪ ਅਤੇ ਵਿਵਾਦਪੂਰਨ ਰਿਹਾ। ਵਿਵਾਦਗ੍ਰਸਤ ਫਾਈਨਲ ਵਿੱਚ ਸੇਰੇਨਾ ਨੂੰ ਨਿਯਮ ਦੀ ਉਲੰਘਣਾ ਕਾਰਨ ਝਿੜਕ ਵੀ ਪਈ। ਇੱਕ ਪਾਸੇ, ਓਸਾਕਾ ਜਾਪਾਨ ਦੀ ਮਹਿਲਾ ਅਤੇ ਪੁਰਸ਼ ਕਿਸੇ ਵੀ ਵਰਗ ਵਿੱਚ ਗਰੈਂਡ ਸਲੈਮ ਜਿੱਤਣ ਵਾਲੀ ਪਹਿਲੀ ਖਿਡਾਰੀ ਬਣਨ ਲਈ ਖੇਡ ਰਹੀ ਸੀ, ਦੂਜੇ ਪਾਸੇ, ਸੇਰੇਨਾ ਇਹ ਮੈਚ ਜਿੱਤ ਕੇ ਮਾਰਗਰੇਟ ਕੋਰਟ ਦੇ ਖ਼ਿਤਾਬਾਂ ਦੀ ਬਰਾਬਰੀ ਕਰਕੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਚਾਹੁੰਦੀ ਸੀ। ਅਖ਼ੀਰ, ਮੁਟਿਆਰ ਓਸਾਕਾ ਨੇ ਇਤਿਹਾਸ ਸਿਰਜਦਿਆਂ ਜਿੱਤ ਆਪਣੇ ਨਾਮ ਕਰ ਲਈ। ਹਾਲਾਂਕਿ ਇਸ ਨੂੰ ਫਲਸ਼ਿੰਗ ਮਿਡੋਜ਼ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਵਾਦਗ੍ਰਸਤ ਅਤੇ ਖੇਡ ਭਾਵਨਾ ਦੇ ਉਲਟ ਮੈਚਾਂ ਵਜੋਂ ਮੰਨਿਆ ਜਾ ਰਿਹਾ ਹੈ।ਘਰੇਲੂ ਮੈਦਾਨ ’ਤੇ ਆਪਣੀ ਸਟਾਰ ਸੇਰੇਨਾ ਨੂੰ ਹਾਰਦਿਆਂ ਵੇਖਣ ਮਗਰੋਂ ਸਟੇਡੀਅਮ ਵਿੱਚ ਬੈਠੇ ਲੋਕਾਂ ਨੇ ਰੌਲਾ ਪਾਉਂਦਿਆਂ ਆਪਣਾ ਦੁੱਖ ਜ਼ਾਹਰ ਕੀਤਾ, ਜਦੋਂਕਿ ਪੋਡੀਅਮ ’ਤੇ ਖੜ੍ਹੀ ਹੋ ਕੇ ਆਪਣੀ ਟਰਾਫੀ ਅਤੇ 38 ਲੱਖ ਡਾਲਰ ਦਾ ਚੈੱਕ ਲੈ ਰਹੀ ਓਸਾਕਾ ਨੂੰ ਸਿਰਫ਼ ਹੂਟਿੰਗ ਹੀ ਸੁਣਾਈ ਦਿੱਤੀ। ਇਸ ਦੇ ਨਾਲ ਹੀ ਦਰਸ਼ਕਾਂ ਨੇ ਪੁਰਤਗਾਲੀ ਚੇਅਰ ਅੰਪਾਇਰ ਕਾਰਲੋਸ ਰਾਮੋਸ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ।
ਓਸਾਕਾ ਨੇ ਜਿੱਤ ਮਗਰੋਂ ਕਿਹਾ, ‘‘ਮੈਂ ਜਾਣਦੀ ਹਾਂ ਕਿ ਸਾਰੇ ਸੇਰੇਨਾ ਲਈ ਆਏ ਸਨ ਅਤੇ ਉਸ ਦੇ ਹਾਰਨ ਨਾਲ ਦਰਸ਼ਕਾਂ ਨੂੰ ਦੁੱਖ ਹੋਇਆ ਹੈ। ਯੂਐਸ ਓਪਨ ਦੇ ਫਾਈਨਲ ਵਿੱਚ ਸੇਰੇਨਾ ਨਾਲ ਖੇਡਣਾ ਮੇਰਾ ਸੁਪਨਾ ਸੀ, ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ।’’
ਜਾਪਾਨੀ ਖਿਡਾਰਨ ਨੇ ਪਹਿਲਾ ਸੈੱਟ ਜਿੱਤਣ ਮਗਰੋਂ ਕਾਫੀ ਸੰਜਮ ਵਿਖਾਇਆ, ਪਰ ਅੰਪਾਇਰ ਰਾਮੋਸ ਨੇ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਨੂੰ ਦੂਜੇ ਸੈੱਟ ਦੇ ਦੂਜੇ ਗੇਮ ਵਿੱਚ ਉਸ ਸਮੇਂ ਨਿਯਮ ਉਲੰਘਣ ਲਈ ਦੋਸ਼ੀ ਠਹਿਰਾਇਆ, ਜਦੋਂ ਸੇਰੇਨਾ ਦਾ ਕੋਚ ਪੈਟ੍ਰਿਕ ਮੋਰਾਤੋਗਲੁ ਉਸਨੂੰ ਪਲੇਅਰਜ਼ ਬਾਕਸ ਤੋਂ ਕੁੱਝ ਸੰਕੇਤ ਦੇ ਰਿਹਾ ਸੀ।
ਸੇਰੇਨਾ ਨੂੰ ਜਿਵੇਂ ਹੀ ਪੈਨਲਟੀ ਮਿਲੀ, ਉਹ ਇਸ ਤੋਂ ਕਾਫੀ ਨਾਰਾਜ਼ ਹੋ ਗਈ ਅਤੇ ਉਸ ਨੇ ਆਪਣਾ ਰੈਕੇਟ ਧਰਤੀ ’ਤੇ ਪਟਕਿਆ। ਇਸ ਮਗਰੋਂ ਉਸ ਨੂੰ ਗੇਮ ਪੈਨਲਟੀ ਮਿਲੀ ਅਤੇ ਉਹ 4-3 ਨਾਲ ਪੱਛੜ ਗਈ। ਸਾਬਕਾ ਅੱਵਲ ਨੰਬਰ ਖਿਡਾਰਨ ਨੇ ਫਿਰ ਰਾਮੋਸ ਨੂੰ ਝੂਠਾ ਦੱਸਦਿਆਂ ਉਸ ’ਤੇ ਜ਼ੁਬਾਨੀ ਹੱਲਾ ਬੋਲਿਆ ਅਤੇ ਉਸ ਨੂੰ ਅੰਕ ਚੁਰਾਉਣ ਵਾਲਾ ਕਿਹਾ। ਗੇਮ ਪੈਨਲਟੀ ਲਗਦਿਆਂ ਹੀ ਓਸਾਕਾ ਨੂੰ 5-3 ਦੀ ਲੀਡ ਮਿਲ ਗਈ, ਜਿਸ ਮਗਰੋਂ ਜਾਪਾਨੀ ਖਿਡਾਰਨ ਨੇ ਹੋਰ ਆਤਮਵਿਸ਼ਵਾਸ ਨਾਲ ਖੇਡਦਿਆਂ ਦੂਜਾ ਸੈੱਟ ਵੀ ਆਸਾਨੀ ਨਾਲ ਜਿੱਤ ਲਿਆ ਅਤੇ ਖ਼ਿਤਾਬ ਆਪਣੇ ਨਾਮ ਕਰ ਲਿਆ।
ਦਿਲਚਸਪ ਇਹ ਰਿਹਾ ਕਿ ਮੋਰਾਤੋਗਲੁ ਨੇ ਬਾਅਦ ਵਿੱਚ ਮੰਨਿਆ ਕਿ ਉਹ ਬਾਕਸ ਤੋਂ ਸੇਰੇਨਾ ਨੂੰ ਕੋਚਿੰਗ ਦੇ ਰਿਹਾ ਸੀ। ਹਾਲਾਂਕਿ ਸੇਰੇਨਾ ਨੇ ਲਗਾਤਾਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ।
ਸਾਬਕਾ ਚੈਂਪੀਅਨ ਨੇ ਨਾਰਾਜ਼ਗੀ ਭਰੇ ਸ਼ਬਦਾਂ ਵਿੱਚ ਕਿਹਾ, ‘‘ਰਾਮੋਸ ਨੇ ਮੇਰੇ ’ਤੇ ਝੂਠਾ ਦੋਸ਼ ਲਾਇਆ ਕਿ ਮੈਂ ਧੋਖਾ ਕਰ ਰਹੀ ਸੀ, ਜਦਕਿ ਇਹ ਗ਼ਲਤ ਹੈ। ਮੈਂ ਕਈ ਅੰਪਾਇਰਾਂ ਨੂੰ ਵੇਖਿਆ ਹੈ। ਮੈਂ ਇੱਥੇ ਔਰਤਾਂ ਦੇ ਹੱਕ ਲਈ ਲੜ ਰਹੀ ਹਾਂ, ਉਨ੍ਹਾਂ ਦੀ ਬਰਾਬਰੀ ਲਈ ਲੜ ਰਹੀ ਹਾਂ ਅਤੇ ਮੇਰੇ ’ਤੇ ਅਜਿਹਾ ਦੋਸ਼ ਲਗਾਇਆ ਗਿਆ।’’