ਸੇਰੇਨਾ ਦੀ ਜੇਤੂ ਮੁਹਿੰਮ ਨੂੰ ਪਲਿਸਕੋਵਾ ਨੇ ਪਾਈ ਨੱਥ

ਕੈਰੋਲੀਨਾ ਪਲਿਸਕੋਵਾ ਹੱਥੋਂ ਅੱਜ ਇੱਥੇ ਹੋਈ ਹਾਰ ਨੇ ਸੇਰੇਨਾ ਵਿਲੀਅਮਜ਼ ਦੀ 24 ਗਰੈਂਡ ਸਲੈਮ ਖ਼ਿਤਾਬ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ਦੀ ਉਡੀਕ ਲੰਮੀ ਕਰ ਦਿੱਤੀ ਹੈ। ਹਾਲਾਂਕਿ ਪੁਰਸ਼ ਸਿੰਗਲਜ਼ ਵਿੱਚ ਨੋਵਾਕ ਜੋਕੋਵਿਚ ਨੇ ਬਿਨਾਂ ਮੁਸ਼ੱਕਤ ਕੀਤੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਅਮਰੀਕਾ ਦੀ ਮਹਾਨ ਖਿਡਾਰਨ ਸੇਰੇਨਾ ਨੇ ਚੌਥੇ ਗੇੜ ਵਿੱਚ ਸਿਮੋਨਾ ਹਾਲੇਪ ਨੂੰ ਹਰਾਇਆ ਸੀ, ਪਰ ਚੈੱਕ ਗਣਰਾਜ ਦੀ ਸੱਤਵਾਂ ਦਰਜਾ ਪ੍ਰਾਪਤ ਪਲਿਸਕੋਵਾ ਖ਼ਿਲਾਫ਼ ਸੰਘਰਸ਼ਪੂਰਨ ਮੈਚ ਵਿੱਚ ਉਸ ਨੂੰ 6-4, 4-6, 7-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੇਰੇਨਾ ਨੂੰ ਤੀਜੇ ਅਤੇ ਫ਼ੈਸਲਾਕੁਨ ਸੈੱਟ ਵਿੱਚ ਚਾਰ ਮੈਚ ਅੰਕ ਮਿਲੇ, ਪਰ ਪਲਿਸਕੋਵਾ ਨੇ ਉਨ੍ਹਾਂ ਸਾਰਿਆਂ ਨੂੰ ਬਚਾ ਕੇ ਅਖ਼ੀਰ ਵਿੱਚ ਸੈਮੀ ਫਾਈਨਲ ਵਿੱਚ ਥਾਂ ਬਣਾਈ। ਪਲਿਸਕੋਵਾ ਨੂੰ ਫਾਈਨਲ ਵਿੱਚ ਥਾਂ ਬਣਾਉਣ ਲਈ ਜਾਪਾਨ ਦੀ ਨਾਓਮੀ ਓਸਾਕਾ ਨਾਲ ਭਿੜਨਾ ਹੋਵੇਗਾ। ਚੌਥਾ ਦਰਜਾ ਪ੍ਰਾਪਤ ਓਸਾਕਾ ਨੇ ਜ਼ਖ਼ਮੀ ਹੋਈ ਈਲੀਨਾ ਸਵਿਤੋਲੀਨਾ ਨੂੰ 6-4, 6-1 ਨਾਲ ਤਕੜੀ ਮਾਤ ਦਿੱਤੀ। ਵਿਸ਼ਵ ਨੰਬਰ ਇੱਕ ਖਿਡਾਰੀ ਜੋਕੋਵਿਚ ਨੂੰ ਕੁਆਰਟਰ ਫਾਈਨਲ ਵਿੱਚ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ, ਕਿਉਂਕਿ ਉਸ ਦਾ ਵਿਰੋਧੀ ਕੇਈ ਨਿਸ਼ੀਕੋਰੀ ਮਾਸਪੇਸ਼ੀਆ ਵਿੱਚ ਖਿਚਾਅ ਕਾਰਨ ਦੂਜੈ ਸੈੱਟ ਵਿੱਚ ਹੀ ਹਟ ਗਿਆ ਸੀ। ਇਸ ਜਾਪਾਨੀ ਖਿਡਾਰੀ ਨੇ ਜਦੋਂ ਹਟਣ ਦਾ ਫ਼ੈਸਲਾ ਕੀਤਾ, ਉਦੋਂ ਜੋਕੋਵਿਚ 6-1, 4-1 ਨਾਲ ਅੱਗੇ ਚੱਲ ਰਿਹਾ ਸੀ। ਨਿਸ਼ੀਕੋਰੀ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਤਿੰਨ ਵਾਰ ਪੰਜ ਸੈੱਟਾਂ ਦੇ ਮੈਚ ਖੇਡੇ, ਜਿਸ ਦਾ ਉਸ ’ਤੇ ਪ੍ਰਭਾਵ ਪਿਆ। ਸੱਤਵੇਂ ਆਸਟਰੇਲਿਆਈ ਓਪਨ ਖ਼ਿਤਾਬ ਦੀ ਕਵਾਇਦ ਵਿੱਚ ਜੁਟੇ ਸਰਬਿਆਈ ਖਿਡਾਰੀ ਜੋਕੋਵਿਚ ਸੈਮੀ ਫਾਈਨਲ ਵਿੱਚ ਫਰਾਂਸ ਦੇ 28ਵਾਂ ਦਰਜਾ ਪ੍ਰਾਪਤ ਲੁਕਾਸ ਪਾਓਲੀ ਨਾਲ ਭਿੜੇਗਾ, ਜਿਸ ਨੇ ਕੈਨੇਡਾ ਦੇ ਮਿਲੋਸ ਰਾਓਨਿਚ ਨੂੰ 7-6 (7/4), 6-3, 6-7 (2/7), 6-4 ਨਾਲ ਹਰਾਇਆ।