ਸਿੰਧ ਜਲ ਸੰਧੀ ਤਹਿਤ ਆਪਣੇ ਵਾਅਦੇ ਪੂਰੇ ਨਹੀਂ ਕਰ ਰਿਹੈ ਭਾਰਤ: ਪਾਕਿਸਤਾਨ

ਪਾਕਿਸਤਾਨ ਨੇ 1960 ਦੀ ਸਿੰਧ ਜਲ ਸੰਧੀ ਬਾਰੇ ਆਪਣੇ ਸਰੋਕਾਰ ਉਜਾਗਰ ਕਰਨ ਲਈ ਤਿੱਖੀ ਮੁਹਿੰਮ ਵਿੱਢਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਨਵੀਂ ਦਿੱਲੀ ਜੰਮੂ ਕਸ਼ਮੀਰ ਵਿਚਲੇ ਦੋ ਪਣ ਬਿਜਲੀ ਪ੍ਰਾਜੈਕਟਾਂ ਦਾ ਪਾਕਿਸਤਾਨੀ ਅਫ਼ਸਰਾਂ ਦਾ ਦੌਰਾ ਕਰਵਾਉਣ ਦਾ ਆਪਣਾ ਵਾਅਦਾ ਪੂਰਾ ਕਰਨ ’ਚ ਨਾਕਾਮ ਰਹੀ ਹੈ। ਸਿੰਧ ਜਲ ਸਥਾਈ ਕਮਿਸ਼ਨ ਬਾਰੇ ਪਾਕਿਸਤਾਨੀ ਕਮਿਸ਼ਨਰ ਸਈਦ ਮੇਹਰ ਅਲੀ ਸ਼ਾਹ ਨੇ ਕਿਹਾ ਕਿ ਭਾਰਤੀ ਜਲ ਕਮਿਸ਼ਨਰ ਨੇ ਲੰਘੀ 29-30 ਅਗਸਤ ਨੂੰ ਹੋਈ ਸਾਲਾਨਾ ਮੀਟਿੰਗ ਵਿਚ ਵਾਅਦਾ ਕੀਤਾ ਸੀ ਕਿ ਸਤੰਬਰ ਦੇ ਆਖਰੀ ਹਫ਼ਤੇ ਜੰਮੂ ਕਸ਼ਮੀਰ ਦੇ 1000 ਮੈਗਾਵਾਟ ਦੇ ਪਕਾਲ ਡਲ ਅਤੇ ਲੋਅਰ ਕਾਲਨਈ ਵਿਚ 48 ਮੈਗਾਵਾਟ ਦੇ ਪ੍ਰਾਜੈਕਟਾਂ ਦਾ ਦੌਰਾ ਕਰਵਾਇਆ ਜਾਵੇਗਾ। ਜੰਮੂ ਕਸ਼ਮੀਰ ਵਿਚ 7-12 ਅਕਤੂਬਰ ਤੱਕ ਹੋਣ ਵਾਲੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਕਰ ਕੇ ਇਹ ਦੌਰਾ ਪਛੜ ਗਿਆ ਸੀ। ਡਾਅਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਸ੍ਰੀ ਸ਼ਾਹ ਨੇ ਦੋਸ਼ ਲਾਇਆ ਕਿ ਭਾਰਤੀ ਧਿਰ ਨੇ ਮੁਕਾਮੀ ਚੋਣਾਂ ਦੀ ਆੜ ਹੇਠ ਦੌਰੇ ਦੇ ਸੋਧੇ ਹੋਏ ਪ੍ਰੋਗਰਾਮ ਮੁਤਾਬਕ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਮਾਯੂਸੀ ਭਰਿਆ ਖ਼ਤ ਲਿਖਿਆ ਸੀ ਤੇ ਉਸ ਤੋਂ ਬਾਅਦ ਆਪਣੇ ਹਮਰੁਤਬਾ ਨਾਲ ਫੋਨ ’ਤੇ ਗੱਲ ਵੀ ਕੀਤੀ ਸੀ। ਉਨ੍ਹਾਂ ਕਿਹਾ ‘‘ ਆਪਣੇ ਹਮਰੁਤਬਾ ਨਾਲ ਹੋਈ ਗੱਲਬਾਤ ਦੇ ਅਧਾਰ ’ਤੇ ਸਾਨੂੰ ਚਨਾਬ ਦਰਿਆ ’ਤੇ ਬਣਾਏ ਜਾ ਰਹੇ ਇਨ੍ਹਾਂ ਪ੍ਰਾਜੈਕਟਾਂ ਦਾ ਨਿਰੀਖਣ ਦੌਰਾ ਹੋਣ ਦੀ ਕੋਈ ਉਮੀਦ ਨਹੀਂ ਹੈ।’’ ਪਾਕਿਸਤਾਨ ਦੇ ਜਲ ਸਰੋਤਾਂ ਬਾਰੇ ਮੰਤਰੀ ਫ਼ੈਸਲ ਵਾਵੜਾ ਨੇ ਕਿਹਾ ਕਿ ਉਹ ਧਮਕੀਆਂ ਦੇਣ ਦੇ ਰੌਂਅ ਦਾ ਇਜ਼ਹਾਰ ਨਹੀਂ ਕਰਨਾ ਚਾਹੁੰਦੇ ਪਰ ਦੇਸ਼ ਵਿਦੇਸ਼ ਵਿਚ ਇਸ ਮੁੱਦੇ ’ਤੇ ਜ਼ੋਰਦਾਰ ਮੁਹਿੰਮ ਚਲਾਉਣਗੇ ਕਿਉਂਕਿ ਭਾਰਤ ਨੇ ਸਿੰਧ ਜਲ ਸੰਧੀ ਦੀ ਗੰਭੀਰ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ’ਤੇ ਭਾਰਤ ਨੂੰ ਘੇਰਨਗੇ ਕਿਉਂਕਿ ਇਹ ਮਸਲਾ ਪਾਕਿਸਤਾਨ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।