ਸਿਡਨੀ ਟੈਸਟ: ਪੁਜਾਰਾ ਅਤੇ ਪੰਤ ਨੇ ਆਸਟਰੇਲਿਆਈ ਗੇਂਦਬਾਜ਼ੀ ਦੇ ਉਡਾਏ ਪਰਖ਼ਚੇ

ਚੇਤੇਸ਼ਵਰ ਪੁਜਾਰਾ ਤੋਂ ਬਾਅਦ ਬੱਲੇਬਾਜ਼ ਰਿਸ਼ਭ ਪੰਤ ਵੱਲੋਂ ਖੇਡੀ ਸੈਂਕੜੇ ਦੀ ਲੰਬੀ ਪਾਰੀ ਨੇ ਭਾਰਤ ਦੀਆਂ ਆਸਟਰੇਲਿਆਈ ਸਰਜ਼ਮੀ ਉੱਤੇ ਲੜੀ ਜਿੱਤਣ ਦੀਆਂ ਉਮੀਦਾਂ ਨੂੰ ਖੰਭ ਲਾ ਦਿੱਤੇ ਹਨ। ਭਾਰਤ ਨੇ ਚੌਥੇ ਅਤੇ ਅੰਤਿਮ ਟੈਸਟ ਮੈਚ ਵਿਚ ਸ਼ੁੱਕਰਵਾਰ ਨੂੰ ਦੂਜੇ ਦਿਨ ਆਪਣੀ ਪਹਿਲੀ ਪਾਰੀ ਵਿਚ ਸੱਤ ਵਿਕਟਾਂ ਉੱਤੇ 622 ਦੌੜਾਂ ਬਣਾ ਕੇ ਪਾਰੀ ਸਮਾਪਤੀ ਦਾ ਐਲਾਨ ਕਰ ਦਿੱਤਾ। ਇਸ ਦੇ ਜਵਾਬ ਵਿਚ ਆਸਟਰੇਲੀਆ ਦੀ ਟੀਮ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਬਿਨਾਂ ਕਿਸੇ ਨੁਕਸਾਨ ਦੇ 24 ਦੌੜਾਂ ਬਣਾ ਲਈਆਂ ਹਨ ਅਤੇ ਆਸਟਰੇਲੀਆ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਤੋਂ 598 ਦੌੜਾਂ ਪਿੱਛੇ ਹੈ। ਪੁਜਾਰਾ ਭਾਵੇਂ ਵਿਦੇਸ਼ੀ ਧਰਤੀ ਉੱਤੇ ਆਪਣੇ ਪਹਿਲੇ ਦੂਹਰੇ ਸੈਂਕੜੇ ਤੋਂ ਖੁੰਝ ਗਿਆ ਪਰ ਉਸਦੀ 193 ਦੌੜਾਂ ਦੀ ਪਾਰੀ ਨੇ ਆਸਟਰੇਲਿਆਈ ਗੇਂਦਬਾਜ਼ਾਂ ਨੂੰ ਪਸਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਸ ਨੇ ਆਪਣੀ ਪਾਰੀ ਵਿਚ 373 ਗੇਂਦਾਂ ਖੇਡੀਆਂ ਅਤੇ 22 ਚੌਕੇ ਲਾਏ। ਪੰਤ ਨੇ 189 ਗੇਂਦਾਂ ਉੱਤੇ 15 ਚੌਕੇ ਅਤੇ ਇੱਕ ਛੱਕੇ ਦੀ ਮੱਦਦ ਨਾਲ ਨਾਬਾਦ 159 ਦੌੜਾਂ ਬਣਾ ਕੇ ਇੱਕ ਤਰ੍ਹਾਂ ਆਸਟਰੇਲੀਆ ਦੀ ਗੇਂਦਬਾਜ਼ੀ ਲਾਈਨ ਨੂੰ ਧੋ ਕੇ ਰੱਖ ਦਿੱਤਾ। ਇਸ ਤਰ੍ਹਾਂ ਪੰਤ ਦੇ ਨਾਂਅ ਕਈ ਰਿਕਾਰਡ ਹੋ ਗਏ ਹਨ। ਉਹ ਆਸਟਰੇਲੀਆ ਦੀ ਧਰਤੀ ਉੱਤੇ ਸੈਂਕੜਾ ਬਣਾਉਣ ਵਾਲਾ ਪਹਿਲਾ ਭਾਰਤੀ ਵਿਕਟ ਕੀਪਰ ਵੀ ਬਣ ਗਿਆ ਹੈ। ਰਵਿੰਦਰ ਜਡੇਜਾ (81) ਨੇ ਵੀ ਅਰਧ ਸੈਂਕੜਾਂ ਜੜ ਕੇ ਆਸਟਰੇਲੀਆ ਦੇ ਗੇਂਦਬਾਜ਼ਾਂ ਨੂੰ ਇਕ ਤਰ੍ਹਾਂ ਨਾਲ ਵਾਹਣੀ ਪਾ ਦਿੱਤਾ। ਪੁਜਾਰਾ ਨੇ ਆਪਣੀ ਪਾਰੀ 130 ਦੌੜਾਂ ਤੋਂ ਅੱਗੇ ਵਧਾਈ ਅਤੇ ਵਿਦੇਸ਼ੀ ਧਰਤੀ ਉੱਤੇ ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ। ਉਸ ਨੇ ਹਨੁਮਾ ਵਿਹਾਰੀ (42) ਦੇ ਨਾਲ ਮਿਲ ਕੇ ਪੰਜਵੇਂ ਵਿਕਟ ਲਈ101ਅਤੇ ਪੰਤ ਦੇ ਨਾਲ ਛੇਵੇਂ ਵਿਕਟ ਲਈ 89 ਦੌੜਾਂ ਦੀ ਸਾਂਝੇਦਾਰੀ ਕੀਤੀ।ਪੁਜਾਰਾ ਦੇ ਆਊਟ ਹੋਣ ਬਾਅਦ ਪੰਤ ਨੇ ਜਡੇਜਾ ਨਾਲ ਸੱਤਵੇਂ ਵਿਕਟ ਲਈ ਰਿਕਾਰਡ 204 ਦੌੜਾਂ ਜੋੜੀਆਂ। ਇਹ ਸੱਤਵੇਂ ਵਿਕਟ ਲਈ ਭਾਰਤ ਦੀ ਤਰਫੋਂ ਆਸਟਰੇਲੀਆ ਦੇ ਵਿਰੁੱਧ ਨਵਾਂ ਰਿਕਾਰਡ ਹੈ। ਆਸਟਰੇਲੀਆ ਦੀ ਤਰਫੋਂ ਨਾਥਨ ਲਿਓਨ ਨੇ 178 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਆਸਟਰੇਲੀਆ ਨੂੰ ਦੂਜੇ ਦਿਨ 10 ਓਵਰ ਖੇਡਣ ਦਾ ਮੌਕਾ ਮਿਲਿਆ। ਇਸ ਨਾਲ ਉਸਦੀ ਸਲਾਮੀ ਜੋੜੀ ਮਾਰਕਸ ਹੈਰਿਸ (ਨਾਬਾਦ 19) ਅਤੇ ਉਸਮਾਨ ਖਵਾਜ਼ਾ (ਨਾਬਾਦ 5) ਨੇ ਸਹਿਜਤਾ ਨਾਲ ਵਿਕਟ ਬਚਾਈ ਰੱਖੇ। ਵਿਰਾਟ ਕੋਹਲੀ ਨੇ ਆਪਣੇ ਚਾਰ ਗੇਂਦਬਾਜ਼ਾਂ ਨੂੰ ਮੌਕਾ ਦਿੱਤਾ ਪਰ ਆਸਟਰੇਲੀਆ ਦੇ ਬੱਲੇਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਤੋਂ ਨਸੀਅਤ ਲੈਂਦਿਆਂ ਟਿਕ ਕੇ ਖੇਡਣ ਨੂੰ ਤਰਜੀਹ ਦਿੱਤੀ। ਇਸ ਤੋਂ ਪਹਿਲਾਂ ਭਾਰਤ ਨੇ ਸਵੇਰੇ ਚਾਰ ਵਿਕਟਾਂ ਉੱਤੇ 303 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। ਪੁਜਾਰਾ ਨੇ ਸੱਤਵੀਂ ਵਾਰ 150 ਦੌੜਾਂ ਤੋਂ ਵੱਧ ਦਾ ਸਕੋਰ ਬਣਾਇਆ ਹੈ।