ਸਾਲ 2018: ਅਥਲੈਟਿਕਸ ਵਿਚ ਨੀਰਜ ਅਤੇ ਹਿਨਾ ਨੇ ਲਹਿਰਾਇਆ ਤਿਰੰਗਾ

ਜੈਵਲਿਨ ਸੁਟਾਵੇ ਨੀਰਜ ਚੋਪੜਾ ਅਤੇ ਫਰਾਟਾ ਦੌੜ ਦੀ ਨਵੀਂ ਸਨਸਨੀ ਹਿਮਾ ਦਾਸ ਨੇ ਸਾਲ 2018 ਦੇ ਵਿਚ ਭਾਰਤ ਦਾ ਪਰਚਮ ਲਹਿਰਾਇਆ ਜਦੋਂ ਕਿ ਡੋਪਿੰਗ ਨੇ ਇੱਕ ਵਾਰ ਫਿਰ ਭਾਰਤੀ ਅਥਲੈਟਿਕਸ ਨੂੰ ਸ਼ਰਮਸ਼ਾਰ ਕੀਤਾ ਹੈ। 20 ਸਾਲ ਦੇ ਨੀਰਜ ਨੇ 2016 ਵਿਚ ਜੂਨੀਅਰ ਵਿਸ਼ਵ ਰਿਕਾਰਡ ਬਣਾਇਆ ਸੀ। ਭਾਰਤ ਦੀ ਉਲੰਪਿਕ ਉਮੀਦ ਬਣ ਕੇ ਉਭਰੇ ਨੀਰਜ ਨੇ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਦੇ ਵਿਚ ਸੋਨ ਤਗ਼ਮਾ ਜਿੱਤਿਆ ਹੈ। ਛੇ ਫੁੱਟ ਲੰਮੇ ਪਾਨੀਪਤ ਦੇ ਨੀਰਜ ਨੇ ਦੋ ਵਾਰ ਆਪਣਾ ਕੌਮੀ ਰਿਕਾਰਡ ਤੋੜਿਆ ਹੈ। ਉਸ ਨੇ ਏਸ਼ਿਆਈ ਖੇਡਾਂ ਵਿਚ 86.6 ਮੀਟਰ ਨੇਜਾ ਸੁੱਟ ਕੇ ਸੋਨ ਤਗ਼ਮਾ ਜਿੱਤਿਆ ਹੈ। ਹਿਮਾਦਾਸ ਵਿਸ਼ਵ ਪੱਧਰ ਉੱਤੇ ਕਿਸੇ ਅਥਲੈਟਿਕਸ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਸ ਨੇ ਫਿਨਲੈਂਡ ਵਿਚ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ 400 ਮੀਟਰ ਦੌੜ ਵਿਚ ਸਿਖ਼ਰਲਾ ਸਥਾਨ ਹਾਸਲ ਕੀਤਾ। ਹਿਮਾ ਤੋਂ ਪਹਿਲਾਂ ਭਾਰਤ ਦੀ ਕੋਈ ਵੀ ਮਹਿਲਾ ਅਥਲੀਟ ਵਿਸ਼ਵ ਪੱਧਰ ਉੱਤੇ ਸੋਨ ਤਗ਼ਮਾ ਨਹੀਂ ਜਿੱਤ ਸਕੀ। ਟਰੈਕ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਹੈ। ਦੂਜੇ ਪਾਸੇ ਨੀਰਜ ਪਿਛਲੇ ਦੋ ਸਾਲ ਤੋਂ ਜਗਾਈਆਂ ਗਈਆਂ ਉਮੀਦਾਂ ਉੱਤੇ ਖਰਾ ਉਤਰਿਆ ਹੈ। ਉਹ ਡਾਇਮੰਡ ਲੀਗ ਸੀਰੀਜ਼ ਦੇ ਵਿਚ 12 ਅੰਕ ਲੈ ਕੇ ਸਿਖ਼ਰਲੇ ਸਥਾਨ ਉੱਤੇ ਰਿਹਾ। ਉਹ ਦੁਨੀਆਂ ਦੇ ਸਰਵੋਤਮ ਅਥਲੀਟਾਂ ਦੀ ਇਸ ਲੀਗ ਵਿਚ ਇਸ ਮੁਕਾਮ ਉੱਤੇ ਪੁੱਜਣ ਵਾਲੀ ਪਹਿਲਾ ਭਾਰਤੀ ਅਥਲੀਟ ਹੈ। ਉਹ ਭਾਰਤ ਲਈ ਟੋਕੀਓ ਓਲੰਪਿਕ ਵਿਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਸਕਦਾ ਹੈ। ਸਾਬਕਾ ਵਿਸ਼ਵ ਰਿਕਾਰਡਧਾਰੀ ਚੈੱਕ ਗਣਰਾਜ ਦੇ ਸੂਵੀ ਹੋਨ ਦੀ ਅਗਵਾਈ ਵਿਚ ਨੀਰਜ ਦਾ ਟੀਚਾ 90 ਮੀਟਰ ਦੇ ਅੰਕੜੇ ਨੂੰ ਪਾਰ ਕਰਨ ਦਾ ਹੈ। ਉਸ ਨੇ ਇਸ ਸੈਸ਼ਨ ਦੇ ਅਖ਼ੀਰ ਵਿਚ ਵਿਸ਼ਵ ਦਰਜਾਬੰਦੀ ਵਿਚ 6ਵਾਂ ਸਥਾਨ ਹਾਸਲ ਕੀਤਾ ਹੈ। ਜਿਊਰਿਖ਼ ਵਿਚ ਚੋਪੜਾ ਮਮੂਲੀ ਅੰਤਰ ਦੇ ਨਾਲ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਖੁੰਝ ਗਿਆ ਸੀ। ਓਲੰਪਿਕ ਚੈਂਪੀਅਨ ਜਰਮਨੀ ਦੇ ਥਾਮਸ ਰੋਲਰ ਨੇ ਉਸ ਨੂੰ ਸਿਰਫ਼ ਤਿੰਨ ਸੈਂਟੀਮੀਟਰ ਦੇ ਫਰਕ ਨਾਲ ਹਰਾਇਆ ਸੀ।