ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਤੇ ਅਮਨ ਲਈ ਨੋਬੇਲ ਪੁਰਸਕਾਰ ਜੇਤੂ ਕੋਫ਼ੀ ਅੰਨਾਨ ਦਾ 80 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਅੱਜ ਉਨ੍ਹਾਂ ਵੱਲੋਂ ਸਥਾਪਤ ਇਕ ਫਾਉੂਂਡੇਸ਼ਨ ਨੇ ਦਿੱਤੀ। ਘਾਨਾ ਦੇ ਨਾਗਰਿਕ ਸ੍ਰੀ ਅੰਨਾਨ ਨੇ ਅੱਜ ਤੜਕਸਾਰ ਸਵਿਟਜ਼ਰਲੈਂਡ ਦੇ ਬਰਨ ਹਸਪਤਾਲ ਵਿੱਚ ਆਖਰੀ ਸਾਹ ਲਿਆ। ਜਨੇਵਾ ਵਿੱਚ ਕੋਫੀ ਅੰਨਾਨ ਫਾਊਂਡੇਸ਼ਨ ਨੇ ਦੱਸਿਆ ਕਿ ਉਹ ਥੋੜ੍ਹੇ ਸਮੇਂ ਤੋਂ ਬਿਮਾਰ ਸਨ ਤੇ ਆਖਰੀ ਵੇਲੇ ਉਨ੍ਹਾਂ ਦੀ ਦੂਜੀ ਪਤਨੀ ਨਾਨੇ ਤੇ ਬੱਚੇ ਐਮਾ, ਕਾਜ਼ੋ ਤੇ ਨੀਨਾ ਮੌਜੂਦ ਸਨ। ਸ੍ਰੀ ਅੰਨਾਨ ਨੇ 1997-2006 ਤੱਕ ਨਿਊ ਯਾਰਕ ਵਿੱਚ ਦੋ ਵਾਰ ਯੂਐਨ ਸਕੱਤਰ ਜਨਰਲ ਵਜੋਂ ਸੇਵਾਵਾਂ ਨਿਭਾਈਆਂ ਸਨ। ਸੇਵਾਮੁਕਤੀ ਤੋਂ ਬਾਅਦ ਉਹ ਇਕ ਸਵਿਸ ਪਿੰਡ ਵਿੱਚ ਰਹਿ ਰਹੇ ਸਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ‘‘ ਕੋਫ਼ੀ ਅੰਨਾਨ ਬਹੁਤ ਸਾਰੇ ਅਰਥਾਂ ਵਿੱਚ ਸੰਯੁਕਤ ਰਾਸ਼ਟਰ ਦੇ ਪ੍ਰਤੀਕ ਸਨ। ਉਨ੍ਹਾਂ ਅੱਗੇ ਵਧ ਕੇ ਸੰਸਥਾ ਦੀ ਅਗਵਾਈ ਕੀਤੀ ਤੇ ਪੂਰੀ ਗ਼ੈਰਤ ਤੇ ਦਿਆਨਤ ਨਾਲ ਇਸ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਇਆ। ਪਿਛਲੇ ਅਪਰੈਲ ਮਹੀਨੇ ਆਪਣੇ 80ਵੇਂ ਜਨਮ ਦਿਨ ’ਤੇ ਬੀਬੀਸੀ ਦੇ ਹਾਰਡ ਟਾੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਸ੍ਰੀ ਅੰਨਾਨ ਨੇ ਕਿਹਾ ਸੀ ‘‘ ਸੰਯੁਕਤ ਰਾਸ਼ਟਰ ਦਾ ਸੁਧਾਰ ਕੀਤਾ ਜਾ ਸਕਦਾ ਹੈ, ਇਹ ਸੰਪੂਰਨ ਨਹੀਂ ਹੈ ਪਰ ਜੇ ਇਹ ਨਾ ਹੋਵੇ ਤਾਂ ਤੁਹਾਨੂੰ ਇਸ ਦੀ ਲੋੜ ਪਵੇਗੀ। ਮੈਂ ਪੁੱਜ ਕੇ ਆਸ਼ਾਵਾਦੀ ਹਾਂ। ਮੈਂ ਜਮਾਂਦਰੂ ਆਸ਼ਾਵਾਦੀ ਹਾਂ ਤੇ ਆਸ਼ਾਵਾਦੀ ਹੀ ਰਹਾਂਗਾ।’’
World ਸਾਬਕਾ ਯੂਐਨ ਮੁਖੀ ਕੋਫ਼ੀ ਅੰਨਾਨ ਦਾ ਦੇਹਾਂਤ