ਸਾਜਨ ਨੇ ਜਿੱਤਿਆ ਚਾਂਦੀ ਦਾ ਤਗ਼ਮਾ

ਸਾਜਨ ਭਾਨਵਾਲ ਸਲੋਵਾਕੀਆ ਦੇ ਤਰਨਾਵਾ ਵਿੱਚ 77 ਕਿਲੋ ਗ੍ਰੀਕੋ ਰੋਮਨ ਵਰਗ ਵਿੱਚ ਚਾਂਦੀ ਦੇ ਤਗ਼ਮੇ ਨਾਲ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੋ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਸੋਨੀਪਤ ਨੇੜਲੇ ਇੱਕ ਪਿੰਡ ਦੇ ਰਹਿਣ ਵਾਲੇ ਵੀਹ ਸਾਲ ਦੇ ਭਾਨਵਾਲ ਨੂੰ ਰੂਸ ਦੇ ਇਸਲਾਮ ਓਪੀਏਵ ਨੇ 8-0 ਨਾਲ ਹਰਾਇਆ। ਯੂਨਾਈਟਿਡ ਵਰਲਡ ਰੈਸਲਿੰਗ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਭਾਨਵਾਲ ਸ਼ੁਰੂਆਤੀ 90 ਸੈਕਿੰਡ ਵਿੱਚ ਹੀ ਬੁਰੀ ਤਰ੍ਹਾਂ ਪੱਛੜ ਗਿਆ ਅਤੇ ਫਿਰ ਵਾਪਸੀ ਨਹੀਂ ਕਰ ਸਕਿਆ।
ਜੁਲਾਈ ਵਿੱਚ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਹਰਿਆਣਾ ਦੇ ਭਾਨਵਾਲ ਨੇ ਇਸ ਤੋਂ ਪਹਿਲਾਂ ਫਿਨਲੈਂਡ ਦੇ ਟੈਂਪੇਅਰ ਵਿੱਚ 2017 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੌਰਾਨ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਇੱਕ ਹੋਰ ਭਾਰਤੀ ਪਹਿਲਵਾਨ ਵਿਜੈ ਨੇ ਇਸ ਤੋਂ ਪਹਿਲਾਂ ਤੁਰਕੀ ਦੇ ਸਿਹਾਤ ਅਹਿਮਦ ਲਿਮਾਨ ਨੂੰ 55 ਕਿਲੋ ਗ੍ਰੀਕੋ ਰੋਮਨ ਵਿੱਚ 16-8 ਨਾਲ ਹਰਾ ਕੇ ਕਾਂਸੀ ਜਿੱਤੀ। ਭਾਰਤ ਨੇ ਇਸ ਚੈਂਪੀਅਨਸ਼ਿਪ ਵਿੱਚ ਆਖ਼ਰੀ ਵਾਰ ਸੋਨ ਤਗ਼ਮਾ ਸਾਲ 2001 ਵਿੱਚ ਬੁਲਗਾਰੀਆ ਦੇ ਸੋਫੀਆ ਵਿੱਚ ਜਿੱਤਿਆ ਸੀ। ਉਸ ਟੂਰਨਾਮੈਂਟ ਵਿੱਚ ਭਾਰਤ ਨੇ ਦੋ ਸੋਨ ਤਗ਼ਮੇ ਆਪਣੇ ਨਾਮ ਕੀਤੇ ਸਨ। ਉਦੋਂ ਤੋਂ ਹੁਣ ਤੱਕ ਭਾਰਤ ਦੀ ਝੋਲੀ ਸੋਨੇ ਵਾਝੋਂ ਸੱਖਣੀ ਰਹੀ ਹੈ।