ਸਾਈਕਲਿਸਟ ਹਰਪ੍ਰੀਤ ਦਾ ਟਾਈਮ ਟਰਾਇਲ ਮੁਕਾਬਲੇ ’ਚ ਨਵਾਂ ਰਿਕਾਰਡ

ਕੁੱਲ ਹਿੰਦ ਅੰਤਰ-ਵਰਸਿਟੀ ਸਾਈਕਲਿੰਗ ਟਰੈਕ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਚ ਉਪ ਕੁਲਪਤੀ ਡਾ. ਬੀ.ਐੱਸ. ਘੁੰਮਣ ਅਤੇ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਵਿਚ ਸ਼ੁਰੂ ਹੋੋਈ| ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪੰਜਾਬੀ ਯੂਨੀਵਰਸਿਟੀ ਦੇ ਸਾਈਕਲਿਸਟ ਹਰਪ੍ਰੀਤ ਸਿੰਘ ਨੇ ਇਕ ਕਿਲੋਮੀਟਰ ਟਾਈਮ ਟਰਾਇਲ ਮੁਕਾਬਲਿਆਂ ਵਿਚ ਨਵਾਂ ਰਿਕਾਰਡ (1.08:762 ਸਕਿੰਟ) ਕਾਇਮ ਕੀਤਾ|
ਇਸ ਚੈਂਪੀਅਨਸ਼ਿਪ ਵਿਚ 30 ਯੂਨੀਵਰਸਿਟੀਆਂ ਦੇ 275 ਖਿਡਾਰੀ-ਖਿਡਾਰਨਾਂ ਹਿੱਸਾ ਲੈ ਰਹੇ ਹਨ| ਪਹਿਲੇ ਦਿਨ ਅੱਜ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਅਤੇ ਕੰਟਰੋਲਰ ਪ੍ਰੀਖਿਆਵਾਂ ਡਾ. ਗੁਰਦੀਪ ਸਿੰਘ ਬੱਤਰਾ ਨੇ ਕੀਤਾ| ਇਸ ਮੌਕੇ ਸਹਾਇਕ ਨਿਰਦੇਸ਼ਕ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਜਸਵੰਤ ਸਿੰਘ, ਮੁਕੇਸ਼ ਚੌਧਰੀ, ਰੇਨੂੰ ਬਾਲਾ, ਐਨ.ਆਈ.ਐੱਸ. ਅਧਿਕਾਰੀ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੁਕਾਬਲੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ਦੇ ਰਣਜੀਤ ਸਿੰਘ ਨੇ 1.09.252 ਸਕਿੰਟ ਦਾ ਸਮਾਂ ਕੱਢ ਕੇ ਦੂਜਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਹੀ ਸਚਿਨਦੀਪ ਸਿੰਘ ਨੇ 1.11.908 ਸਕਿੰਟ ਦਾ ਸਮਾਂ ਕੱਢ ਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ ਔਰਤਾਂ ਦੇ 500 ਮੀਟਰ ਟਾਈਮ ਟਰਾਇਲ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖਿਡਾਰਨਾਂ ਸ਼ੁਸ਼ੀ ਕਾਲਾ ਅਤੇ ਲੁਟੇ ਮਯੂਰੀ ਨੇ ਕ੍ਰਮਵਾਰ 39:090 ਸਕਿੰਟ ਅਤੇ 39:800 ਸਕਿੰਟਾਂ ਨਾਲ ਪਹਿਲਾ ਅਤੇ ਦੂਜਾ ਸਥਾਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਰਦੀਪ ਕੌਰ ਨੇ 40:486 ਸਕਿੰਟ ਨਾਲ ਤੀਜਾ ਸਥਾਨ ਹਾਸਲ ਕੀਤਾ|