ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਭਾਰਤ ਦੀਆਂ ਸਭ ਤੋਂ ਅਮੀਰ ਹਸਤੀਆਂ ’ਚ ਮੋਹਰੀ ਹਨ। ਫੋਰਬਸ ਇੰਡੀਆ ਦੀ ਮਸ਼ਹੂਰ ਹਸਤੀਆਂ ਬਾਰੇ ਸੂਚੀ ਮੁਤਾਬਕ ਸਲਮਾਨ ਖ਼ਾਨ ਲਗਾਤਾਰ ਤੀਜੇ ਵਰ੍ਹੇ ਪਹਿਲੇ ਸਥਾਨ ’ਤੇ ਰਹੇ ਹਨ। ਸ਼ਾਹਰੁਖ ਖ਼ਾਨ ਦਾ ਨਾਮ ਪਹਿਲੀਆਂ 10 ਹਸਤੀਆਂ ’ਚੋਂ ਬਾਹਰ ਹੋ ਗਿਆ ਹੈ।
ਹਸਤੀਆਂ ਦੀ ਮਨੋਰੰਜਨ ਨਾਲ ਸਬੰਧਤ ਕਮਾਈ ’ਤੇ ਫੋਰਬਸ ਇੰਡੀਆ ਨੇ 100 ਨਾਮਦਾਰਾਂ ਦੀ ਦਰਜਾਬੰਦੀ ਕੀਤੀ ਹੈ। ਸਲਮਾਨ ਖ਼ਾਨ (52) ਦੀ ਕਮਾਈ 253.25 ਕਰੋੜ ਰੁਪਏ ਆਂਕੀ ਗਈ ਹੈ ਜੋ ਉਸ ਦੀਆਂ ਫਿਲਮਾਂ ‘ਟਾਈਗਰ ਜ਼ਿੰਦਾ ਹੈ’ ਅਤੇ ‘ਰੇਸ 3’ ਦੀ ਸਫ਼ਲਤਾ ’ਤੇ ਨਿਰਭਰ ਹੈ। ਇਸ ਤੋਂ ਇਲਾਵਾ ਉਸ ਨੇ ਕਈ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਵੀ ਕੀਤੀ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 289.09 ਕਰੋੜ ਰੁਪਏ ਦੀ ਕੁੱਲ ਕਮਾਈ ਨਾਲ ਦੂਜੇ ਨੰਬਰ ’ਤੇ ਆ ਗਏ ਹਨ। ਉਨ੍ਹਾਂ ਦੀ ਕਮਾਈ ’ਚ ਪਿਛਲੇ ਸਾਲ ਨਾਲੋਂ 116.53 ਫ਼ੀਸਦੀ ਦਾ ਵਾਧਾ ਦਰਜ ਹੋਇਆ ਹੈ। ਤੀਜੇ ਨੰਬਰ ’ਤੇ 185 ਕਰੋੜ ਰੁਪਏ ਦੀ ਕਮਾਈ ਨਾਲ ਅਕਸ਼ੈ ਕੁਮਾਰ ਆਏ ਹਨ। ਸਾਲ 2017 ’ਚ ਸ਼ਾਹਰੁਖ ਖ਼ਾਨ ਦੀ ਕੋਈ ਫਿਲਮ ਰਿਲੀਜ਼ ਨਾ ਹੋਣ ਕਾਰਨ ਉਹ ਦੂਜੇ ਨੰਬਰ ਤੋਂ ਥਿੜਕ ਕੇ ਸੂਚੀ ’ਚ 13ਵੇਂ ਨੰਬਰ ’ਤੇ ਪਹੁੰਚ ਗਏ। ਉਸ ਨੇ ਇਸ਼ਤਿਹਾਰਾਂ ਨਾਲ 56 ਕਰੋੜ ਰੁਪਏ ਕਮਾਏ ਸਨ ਅਤੇ ਇਹ ਕਮਾਈ 1 ਅਕਤੂਬਰ 2017 ਤੋਂ 30 ਸਤੰਬਰ 2018 ਦੌਰਾਨ 33 ਫ਼ੀਸਦੀ ਘੱਟ ਸੀ। ਹੁਣੇ ਜਿਹੇ ਵਿਆਹੀ ਗਈ ਦੀਪਿਕਾ ਪਾਦੂਕੋਨ ਦਾ ਨਾਮ ਸੂਚੀ ’ਚ ਚੌਥੇ ਨੰਬਰ ’ਤੇ ਰਿਹਾ ਹੈ ਅਤੇ ਇਕੱਲੀ ਮਹਿਲਾ ਹਸਤੀ ਹੈ ਜੋ ਮੋਹਰੀ ਪੰਜ ਕਲਾਕਾਰਾਂ ’ਚ ਸ਼ਾਮਲ ਹੈ। ਉਸ ਦੀ ਕਮਾਈ 112.8 ਕਰੋੜ ਰੁਪਏ ਦੱਸੀ ਗਈ ਹੈ।
ਪੰਜਵੇਂ ਨੰਬਰ ’ਤੇ ਮਹਿੰਦਰ ਸਿੰਘ ਧੋਨੀ (101.77 ਕਰੋੜ), ਛੇਵੇਂ ਆਮਿਰ ਖ਼ਾਨ (97.50 ਕਰੋੜ), ਸੱਤਵੇਂ ਅਮਿਤਾਭ ਬੱਚਨ (96.17 ਕਰੋੋੋੜ), ਅੱਠਵੇਂ ਰਣਵੀਰ ਸਿੰਘ (84.7 ਕਰੋੜ), ਨੌਵੇਂ ਸਚਿਨ ਤੇਂਦੁਲਕਰ (80 ਕਰੋੜ) ਅਤੇ ਅਜੇ ਦੇਵਗਨ (74.50 ਕਰੋੜ) ਦਸਵੇਂ ਨੰਬਰ ’ਤੇ ਰਹੇ ਹਨ।
Entertainment ਸਲਮਾਨ ਖ਼ਾਨ ਸਭ ਤੋਂ ਅਮੀਰ ਅਦਾਕਾਰ