ਭਾਰਤ ਦੀਆਂ 18ਵੀਆਂ ਏਸ਼ਿਆਈ ਖੇਡਾਂ ਦੇ ਸੱਤਵੇਂ ਦਿਨ ਸੌਰਭ ਘੋਸ਼ਾਲ, ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਨੇ ਸਕੁਐਸ਼ ਦੇ ਸਿੰਗਲਜ਼ ਮੁਕਾਬਲਿਆਂ ਵਿੱਚ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ। ਭਾਰਤ ਦੇ ਇਹ ਤਿੰਨ ਖਿਡਾਰੀ ਸੈਮੀ ਫਾਈਨਲ ਵਿੱਚ ਪਹੁੰਚੇ। ਇਨ੍ਹਾਂ ਨੂੰ ਆਪੋ-ਆਪਣੇ ਮੈਚਾਂ ਵਿੱਚ ਹਾਰ ਕੇ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤ ਨੇ 2014 ਦੀਆਂ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਸੁਕਐਸ਼ ਵਿੱਚ ਪੁਰਸ਼ ਟੀਮ ਵਿੱਚ ਸੋਨਾ, ਮਹਿਲਾ ਟੀਮ ਵਿੱਚ ਚਾਂਦੀ, ਵਿਅਕਤੀਗਤ ਪੁਰਸ਼ ਟੀਮ ਵਿੱਚ ਚਾਂਦੀ ਅਤੇ ਮਹਿਲਾ ਸਿੰਗਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਪਿਛਲੀਆਂ ਏਸ਼ਿਆਈ ਖੇਡਾਂ ਦੇ ਵਿਅਕਤੀਗਤ ਚਾਂਦੀ ਦਾ ਤਗ਼ਮਾ ਜੇਤੂ ਘੋਸ਼ਾਲ ਨੂੰ ਇਸ ਵਾਰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਘੋਸ਼ਾਲ ਨੂੰ ਹਾਂਗਕਾਂਗ ਦੇ ਮਿੰਗ ਚੁਨ ਨੇ ਬਹੁਤ ਹੀ ਸਖ਼ਤ ਮੁਕਾਬਲੇ ਵਿੱਚ 3-2 ਨਾਲ ਹਰਾਇਆ। ਇਸ ਤੋਂ ਪਹਿਲਾ ਦੋਵਾਂ ਭਾਰਤੀ ਮਹਿਲਾ ਖਿਡਾਰੀਆਂ ਨੂੰ ਸੈਮੀ ਫਾਈਨਲ ਵਿੱਚ ਮਲੇਸ਼ਿਆਈ ਖਿਡਾਰਨਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੀਪਿਕਾ ਨੂੰ ਮਲੇਸ਼ੀਆ ਦੀ ਐਨ ਨਿਕੋਲ ਡੇਵਿਡ ਨੇ 3-0 ਨਾਲ ਅਤੇ ਜੋਸ਼ਨਾ ਨੂੰ ਮਲੇਸ਼ੀਆ ਦੀ ਹੀ ਸਿਵਾਸਾਂਗਰੀ ਸੁਬਰਮਣੀਅਮ ਨੇ 3-1 ਨਾਲ ਮਾਤ ਦਿੱਤੀ। ਦੀਪਿਕਾ ਨੇ ਲਗਾਤਾਰ ਦੂਜੀਆਂ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਭਾਰਤੀ ਖਿਡਾਰੀ ਹੁਣ ਸਕੁਐਸ਼ ਦੇ ਟੀਮ ਮੁਕਾਬਲਿਆਂ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ। ਪਿਛਲੀਆਂ ਖੇਡਾਂ ਵਿੱਚ ਘੋਸ਼ਾਲ ਦੀ ਅਗਵਾਈ ਵਾਲੀ ਪੁਰਸ਼ ਟੀਮ ਨੇ ਸੋਨਾ ਅਤੇ ਜੋਸ਼ਨਾ ਅਤੇ ਦੀਪਿਕਾ ਦੀ ਅਗਵਾਈ ਵਾਲੀ ਮਹਿਲਾ ਟੀਮ ਨੇ ਚਾਂਦੀ ਹਾਸਲ ਕੀਤੀ ਸੀ।
ਘੋਸ਼ਾਲ ਨੇ ਮਿੰਗ ਖ਼ਿਲਾਫ਼ ਮੁਕਾਬਲੇ ਵਿੱਚ 2-0 ਦੀ ਲੀਡ ਬਣਾ ਲਈ ਸੀ, ਪਰ ਇਸ ਤੋਂ ਬਾਅਦ ਉਹ ਆਪਣੀ ਲੈਅ ਗੁਆ ਕੇ ਫਾਈਨਲ ਵਿੱਚ ਜਾਣ ਦਾ ਮੌਕਾ ਗੁਆ ਬੈਠਾ। ਘੋਸ਼ਾਲ ਨੇ ਇਹ ਮੁਕਾਬਲਾ 12-10, 13-11, 6-11, 5-11, 6-11 ਨਾਲ ਗੁਆਇਆ। ਦੀਪਿਕਾ ਇੱਕ ਵਾਰ ਫਿਰ ਸਾਬਕਾ ਅੱਵਲ ਨੰਬਰ ਅਤੇ ਮੌਜੂਦਾ ਚੈਂਪੀਅਨ ਨਿਕੋਲ ਡੇਵਿਡ ਦੇ ਅੜਿੱਕੇ ਨੂੰ ਪਾਰ ਨਹੀਂ ਕਰ ਸਕੀ। ਦੀਪਿਕਾ ਕੋਲ ਪਹਿਲੇ ਦੋ ਗੇਮ ਵਿੱਚ 5-2 ਅਤੇ 4-1 ਦੀ ਲੀਡ ਸੀ, ਪਰ ਤਿੰਨ ਵਾਰ ਦੀ ਚੈਂਪੀਅਨ ਰਹੀ ਨਿਕੋਲ ਨੇ ਆਪਣੇ ਤਜਰਬੇ ਦਾ ਲਾਹਾ ਲੈਂਦਿਆਂ 11-7, 11-9, 11-6 ਨਾਲ ਜਿੱਤ ਦਰਜ ਕੀਤੀ। ਭਾਰਤ ਦੀ ਨੰਬਰ ਦੋ ਖਿਡਾਰਨ ਜੋਸ਼ਨਾ ਨੇ ਸੁਬਰਮਣੀਅਮ ਖ਼ਿਲਾਫ਼ 35 ਮਿੰਟ ਵਿੱਚ ਮੁਕਾਬਲਾ ਗੁਆ ਲਿਆ। ਉਹ ਇਹ ਮੈਚ 10-12, 6-11, 11-9, 7-11 ਨਾਲ ਹਾਰ ਗਈ।
Sports ਸਕੁਐਸ਼: ਸੌਰਭ, ਦੀਪਿਕਾ ਤੇ ਜੋਸ਼ਨਾ ਨੇ ਜਿੱਤੇ ਕਾਂਸੀ ਦੇ ਤਗ਼ਮੇ