ਸ਼ਾਹਬਾਜ਼ ਨੂੰ 10 ਦਿਨ ਦੇ ਰਿਮਾਂਡ ’ਤੇ ਭੇਜਿਆ

ਪਾਕਿਸਤਾਨ ’ਚ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ 1400 ਕਰੋੜ ਰੁਪਏ ਦੇ ਹਾਊਸਿੰਗ ਘੁਟਾਲੇ ’ਚ ਗ੍ਰਿਫ਼ਤਾਰ ਕੀਤੇ ਗਏ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ (67) ਨੂੰ 10 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਕੌਮੀ ਜਵਾਬਦੇਹੀ ਬਿਉਰੋ ਨੇ ਪੀਐਮਐਲ-ਐਨ ਦੇ ਪ੍ਰਧਾਨ ਦਾ 15 ਦਿਨਾਂ ਦਾ ਰਿਮਾਂਡ ਮੰਗਿਆ ਸੀ ਤਾਂ ਜੋ ਅਰਬਾਂ ਰੁਪਏ ਦੇ ਭ੍ਰਿਸ਼ਟਾਚਾਰ ਕੇਸ ’ਚ ਉਸ ਦੀ ਸ਼ਮੂਲੀਅਤ ਸਬੰਧੀ ਢੁਕਵੀਂ ਜਾਂਚ ਕੀਤੀ ਜਾ ਸਕੇ। ਸ਼ਾਹਬਾਜ਼ ਨੂੰ ਬਖ਼ਤਰਬੰਦ ਵਾਹਨ ’ਚ ਭਾਰੀ ਸੁਰੱਖਿਆ ਹੇਠ ਅਦਾਲਤ ’ਚ ਲਿਆਂਦਾ ਗਿਆ। ਅਦਾਲਤ ਦੇ ਬਾਹਰ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ ਅਤੇ ਉਹ ਸ਼ਰੀਫ਼ ਭਰਾਵਾਂ ਤੋਂ ਬਦਲਾ ਲੈਣ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਜਵਾਬਦੇਹੀ ਅਦਾਲਤ ਦੇ ਜੱਜ ਨਜਮਉੱਲ ਹਸਨ ਨੇ ਜਵਾਬਦੇਹੀ ਬਿਉਰੋ ਦੇ ਵਕੀਲ ਦੀ ਬੇਨਤੀ ਸਵੀਕਾਰ ਕਰਦਿਆਂ ਸ਼ਾਹਬਾਜ਼ ਸ਼ਰੀਫ਼ ਨੂੰ 10 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਸ਼ਾਹਬਾਜ਼ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਉਸ ਨੇ ਪੰਜਾਬ ਦਾ ਮੁੱਖ ਮੰਤਰੀ ਰਹਿੰਦਿਆਂ ਵੱਖ ਵੱਖ ਵਿਕਾਸ ਪ੍ਰਾਜੈਕਟਾਂ ’ਚ ਅਰਬਾਂ ਰੁਪਏ ਬਚਾਏ ਸਨ। ਉਸ ਨੇ ਜੱਜ ਨੂੰ ਬੇਨਤੀ ਕੀਤੀ ਕਿ ਕੇਸ ਨੂੰ ਸਿਆਸੀ ਬਦਲਾਖੋਰੀ ਦਾ ਮਾਮਲਾ ਮੰਨਿਆ ਜਾਵੇ ਕਿਉਂਕਿ ਉਸ ਖ਼ਿਲਾਫ਼ ਇਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਸਾਬਤ ਨਹੀਂ ਹੋਇਆ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਪਣੇ ਭਰਾ ਦੀ ਗ੍ਰਿਫ਼ਤਾਰੀ ਨੂੰ ਸਿਆਸੀ ਗ੍ਰਿਫ਼ਤਾਰੀ ਦਾ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਪੀਟੀਆਈ ਸਰਕਾਰ ਬਦਲਾਖੋਰੀ ਲਈ ਮਸ਼ਹੂਰ ਹੈ। ਸ਼ਾਹਬਾਜ਼ ਦੇ ਪੁੱਤਰ ਅਤੇ ਪੰਜਾਬ ਅਸੈਂਬਲੀ ’ਚ ਵਿਰੋਧੀ ਧਿਰ ਦੇ ਆਗੂ ਹਮਜ਼ਾ ਸ਼ਾਹਬਾਜ਼ ਨੇ ਕਿਹਾ ਕਿ ਜੇਕਰ ਸਿਆਸੀ ਬਦਲਾਖੋਰੀ ਜਾਰੀ ਰਹੀ ਤਾਂ ਪੀਐਮਐਲ-ਐਨ ਵਰਕਰ ਸੜਕਾਂ ’ਤੇ ਉਤਰ ਆਉਣਗੇ। ਉਸ ਨੇ ਦਾਅਵਾ ਕੀਤਾ ਕਿ 14 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ’ਤੇ ਅਸਰ ਪਾਉਣ ਲਈ ਸ਼ਾਹਬਾਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।