ਸ਼ਰਦੁਲ ਵਿਹਾਨ ਨੇ ਫੁੰਡਿਆ ਚਾਂਦੀ ਦਾ ਤਗ਼ਮਾ

ਪਾਲੇਮਬਾਂਗ- ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ਾਂ ਦੇ ਹੈਰਾਨੀਜਨਕ ਪ੍ਰਦਰਸ਼ਨ ਨੂੰ ਅੱਗੇ ਵਧਾਉਂਦਿਆਂ ਸ਼ਰਦੁਲ ਵਿਹਾਨ ਨੇ 18ਵੀਆਂ ਏਸ਼ਿਆਈ ਖੇਡਾਂ ਵਿੱਚ ਅੱਜ ਚਾਂਦੀ ਦਾ ਤਗ਼ਮਾ ਜਿੱਤਿਆ, ਪਰ ਜਿਸ ਕਬੱਡੀ ਵਿੱਚ ਟੀਮ ਦਾ ਤਗ਼ਮਾ ਪੱਕਾ ਮੰਨਿਆ ਜਾ ਰਿਹਾ ਸੀ, ਉਹ ਸੈਮੀ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਈ। ਭਾਰਤ ਅੱਜ ਇੱਕ ਵੀ ਸੋਨ ਤਗ਼ਮਾ ਨਹੀਂ ਜਿੱਤ ਸਕਿਆ। ਉਹ ਹੁਣ ਚਾਰ ਸੋਨੇ, ਚਾਰ ਚਾਂਦੀ ਅਤੇ ਦਸ ਕਾਂਸੀ ਸਣੇ ਕੁੱਲ 18 ਤਗ਼ਮਿਆਂ ਨਾਲ ਦਸਵੇਂ ਸਥਾਨ ’ਤੇ ਖਿਸਕ ਗਿਆ ਹੈ। ਸੌਰਭ ਚੌਧਰੀ ਦੇ ਸਭ ਤੋਂ ਘੱਟ ਉਮਰ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਣ ਮਗਰੋਂ ਅੱਜ 15 ਸਾਲਾ ਵਿਹਾਨ ਚਾਂਦੀ ਦਾ ਤਗ਼ਮਾ ਜਿੱਤ ਕੇ ਏਸ਼ਿਆਈ ਖੇਡਾਂ ਵਿੱਚ ਸਭ ਤੋਂ ਘੱਟ ਉਮਰ ਵਿੱਚ ਤਗ਼ਮਾ ਜਿੱਤਣ ਵਾਲਾ ਭਾਰਤੀ ਬਣ ਗਿਆ ਹੈ। ਉਹ ਡਬਲ ਟਰੈਪ ਵਿੱਚ ਦੂਜੇ ਸਥਾਨ ’ਤੇ ਰਿਹਾ। ਮੇਰਠ ਦੇ ਰਹਿਣ ਵਾਲੇ ਵਿਹਾਨ ਨੇ ਕੁਆਲੀਫੀਕੇਸ਼ਨ ਵਿੱਚ ਚੋਟੀ ’ਤੇ ਰਹਿਣ ਮਗਰੋਂ ਫਾਈਨਲ ਵਿੱਚ 73 ਅੰਕ ਬਣਾਏ। ਦੱਖਣੀ ਕੋਰੀਆ ਦੇ 34 ਸਾਲਾ ਹਿਊਨਵੂ ਸ਼ਿਨ ਨੇ ਸੋਨਾ ਅਤੇ ਕਤਰ ਦੇ ਹਮਦ ਅਲੀ ਅਲ ਮਾਰੀ ਨੇ ਕਾਂਸੀ ਜਿੱਤੀ।
ਭਾਰਤ ਨੇ ਪਾਲੇਮਬਾਂਗ ਵਿੱਚ ਨਿਸ਼ਾਨੇਬਾਜ਼ੀ ਵਿੱਚ ਇਤਿਹਾਸ ਸਿਰਜਿਆ, ਪਰ ਉਸ ਤੋਂ 600 ਕਿਲੋਮੀਟਰ ਦੂਰ ਜਕਾਰਤਾ ਵਿੱਚ ਕਬੱਡੀ ਟੀਮ ਨੇ ਨਮੋਸ਼ੀਜਨਕ ਪ੍ਰਦਰਸ਼ਨ ਕੀਤਾ। ਉਸ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਟੈਨਿਸ ਕੋਰਟ ਤੋਂ ਕੁੱਝ ਚੰਗੀ ਖ਼ਬਰ ਮਿਲੀ। ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਨੇ ਆਪਣੇ ਤਜਰਬੇ ਦਾ ਪੂਰਾ ਲਾਹਾ ਲੈ ਕੇ ਪੁਰਸ਼ ਡਬਲਜ਼ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਮਹਿਲਾਵਾਂ ਦੇ ਸਿੰਗਲਜ਼ ਵਿੱਚ ਹਾਲਾਂਕਿ ਅੰਕਿਤਾ ਰੈਣਾ ਨੂੰ ਸੀਨੀਅਰ ਦਰਜਾ ਪ੍ਰਾਪਤ ਸ਼ੁਆਈ ਝਾਂਗ ਤੋਂ ਹਾਰ ਕੇ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਭਾਰਤ ਨੇ ਸਕੁਐਸ਼ ਵਿੱਚ ਵੀ ਘੱਟ ਤੋਂ ਘੱਟ ਇੱਕ ਕਾਂਸੀ ਦਾ ਤਗ਼ਮਾ ਪੱਕਾ ਕੀਤਾ ਹੈ, ਕਿਉਂਕਿ ਦੇਸ਼ ਦਾ ਸੀਨੀਅਰ ਰੈਂਕਿੰਗ ਪ੍ਰਾਪਤ ਖਿਡਾਰੀ ਸੌਰਵ ਘੋਸ਼ਾਲ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਹਮਵਤਨ ਹਰਿੰਦਰਪਾਲ ਸਿੰਘ ਸੰਧੂ ਨਾਲ ਭਿੜੇਗਾ। ਬੈਡਮਿੰਟਨ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਅਗਲੇ ਗੇੜ ਵਿੱਚ ਪਹੁੰਚ ਗਈਆਂ ਹਨ। ਦੁਨੀਆਂ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਦੀਪਿਕਾ ਕੁਮਾਰੀ ਮੁੜ ਅਸਫਲ ਰਹੀ ਅਤੇ ਉਸ ਦੀ ਅਗਵਾਈ ਵਿੱਚ ਰਿਕਰਵ ਤੀਰਅੰਦਾਜ਼ਾਂ ਨੇ ਨਮੋਸ਼ੀਜਨਕ ਪ੍ਰਦਰਸ਼ਨ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦੀ ਚੁਣੌਤੀ ਵੀ ਖ਼ਤਮ ਹੋ ਗਈ। ਅੱਜ ਸਿਰਫ਼ ਅਤਨੂ ਦਾਸ ਹੀ ਕੁਆਰਟਰ ਫਾਈਨਲ ਤੱਕ ਪਹੁੰਚਿਆ, ਜੋ ਉਸ ਤੋਂ ਅੱਗੇ ਨਹੀਂ ਵਧ ਸਕਿਆ।
ਵੇਟਲਿਫਟਿੰਗ ਵਿੱਚ ਵੀ ਚੰਗੀ ਖ਼ਬਰ ਨਹੀਂ ਮਿਲੀ। ਅਜੈ ਸਿੰਘ ਪੁਰਸ਼ਾਂ ਦੇ 77 ਕਿਲੋ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਪੰਜਵੇਂ ਸਥਾਨ ’ਤੇ ਰਿਹਾ, ਜਦਕਿ ਅਨੁਭਵੀ ਸਤੀਸ਼ ਸ਼ਿਵਾਲਿੰਗਮ ਜ਼ਖ਼ਮੀ ਹੋ ਗਿਆ।
ਤੈਰਾਕੀ ਵਿੱਚ ਸ੍ਰੀਹਰਿ ਨਟਰਾਜ ਨੇ 200 ਮੀਟਰ ਬੈਕਸਟ੍ਰੋਕ ਵਿੱਚ ਦੋ ਵਾਰ ਕੌਮੀ ਰਿਕਾਰਡ ਬਣਾਏ, ਪਰ ਫਾਈਨਲ ਵਿੱਚ ਉਹ ਛੇਵੇਂ ਸਥਾਨ ’ਤੇ ਰਿਹਾ, ਜਦਕਿ ਵੀਰਧਵਲ ਖਾੜੇ 50 ਮੀਟਰ ਬਟਰਫਲਾਈ ਦੇ ਫਾਈਨਲ ਵਿੱਚ ਅੱਠਵੇਂ ਅਤੇ ਆਖ਼ਰੀ ਸਥਾਨ ’ਤੇ ਰਿਹਾ। ਗੌਲਫ਼ ਤੋਂ ਹਾਲਾਂਕਿ ਹਾਂ-ਪੱਖੀ ਖ਼ਬਰ ਮਿਲੀ। ਆਦਿਲ ਬੇਦੀ ਨੇ ਮੁਕਾਬਲੇ ਦੇ ਪਹਿਲੇ ਦਿਨ ਬੋਗੀ ਮੁਕਤ 69 ਦਾ ਕਾਰਡ ਖੇਡ ਕੇ ਭਾਰਤੀ ਪੁਰਸ਼ ਟੀਮ ਨੂੰ ਅੱਜ ਚੰਗੀ ਸ਼ੁਰੂਆਤ ਦਿਵਾਈ ਉਸ ਦੇ ਇਸ ਯਤਨ ਨਾਲ ਟੀਮ ਅਤੇ ਉਹ ਖ਼ੁਦ ਸੰਯੁਕਤ ਦੂਜੇ ਸਥਾਨ ’ਤੇ ਹਨ। ਰੋਇੰਗ ਵਿੱਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਪੁਰਸ਼ ਸਿੰਗਲਜ਼ ਸਕੱਲਜ਼ ਅਤੇ ਡਬਲ ਸਕੱਲਜ਼ ਵਰਗੇ ਮੁਕਾਬਲਿਆਂ ਸਣੇ ਕੁੱਲ ਚਾਰ ਤਗ਼ਮਿਆਂ ਤੋਂ ਖੁੰਝ ਗਿਆ। ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਦੱਤੂ ਭੋਕਾਨਲ ਤੋਂ ਸਭ ਤੋਂ ਵੱਧ ਨਿਰਾਸ਼ਾ ਹੋਈ, ਕਿਉਂਕਿ ਸਿੰਗਲਜ਼ ਸਕੱਲਜ਼ ਵਿੱਚ ਛੇਵੇਂ ਅਤੇ ਆਖ਼ਰੀ ਸਥਾਨ ’ਤੇ ਰਿਹਾ।