ਵਿਸ਼ਵ ਹਾਕੀ ਕੱਪ: ਫਰਾਂਸ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਹਰਾਇਆ

ਕਾਲਿੰਗਾ ਸਟੇਡੀਅਮ ’ਚ ਚੱਲ ਰਹੇ ਵਿਸ਼ਵ ਹਾਕੀ ਕੱਪ ਦੇ ਮੁਕਾਬਲੇ ’ਚ ਅੱਜ ਫਰਾਂਸ ਨੇ ਵੱਡਾ ਉਲਟਫੇਰ ਕਰਦਿਆਂ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 5-3 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਤੇ ਸਪੇਨ ਵਿਚਾਲੇ ਮੁਕਾਬਲੇ 2-2 ਨਾਲ ਬਰਾਬਰੀ ’ਤੇ ਸਮਾਪਤ ਹੋਇਆ।
ਪਹਿਲੇ ਮੈਚ ’ਚ ਨਿਊਜ਼ੀਲੈਂਡ ਨੇ ਦੋ ਗੋਲ ਨਾਲ ਪੱਛੜਨ ਮਗਰੋਂ ਵਾਪਸੀ ਕਰਦਿਆਂ ਅੱਜ ਇੱਥੇ ਵੀਰਵਾਰ ਨੂੰ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ‘ਏ’ ਦੇ ਮੁਕਾਬਲੇ ’ਚ ਸਪੇਨ ਨੂੰ 2-2 ਨਾਲ ਡਰਾਅ ’ਤੇ ਰੋਕ ਕੇ ਨਾਕ ਆਊਟ ਗੇੜ ਲਈ ਕੁਆਲੀਫਾਈ ਕਰ ਲਿਆ ਹੈ। ਦੁਨੀਆਂ ਦੇ ਅੱਠਵੇਂ ਨੰਬਰ ਦੀ ਟੀਮ ਨੇ ਸ਼ੁਰੂਆਤੀ ਦੋ ਕੁਆਰਟਰ ’ਚ ਐਲਬਰਟ ਬੇਲਟ੍ਰਾਨ ਤੇ ਅਲਵਾਰੋ ਇਗਲੇਸਿਆਸ ਰਾਹੀਂ ਗੋਲ ਕਰਕੇ 2-0 ਦੀ ਲੀਡ ਬਣਾ ਲਈ ਸੀ, ਪਰ ਨਿਊਜ਼ੀਲੈਂਡ ਨੇ ਖੇਡ ਦੇ ਆਖਰੀ 10 ਮਿੰਟਾਂ ਅੰਦਰ ਵਾਪਸੀ ਕਰਦਿਆਂ ਹੇਡਨ ਫਿਲਿਪਸ ਅਤੇ ਕੇਨ ਰਸਲ ਦੇ ਗੋਲ ਦੀ ਮਦਦ ਨਾਲ ਟੂਰਨਾਮੈਂਟ ’ਚ ਕਰਾਸਓਵਰ ਦੌਰ ’ਚ ਆਪਣੀ ਥਾਂ ਪੱਕੀ ਕਰ ਲਈ ਹੈ। ਓਲੰਪਿਕ ਚੈਂਪੀਅਨ ਅਰਜਨਟੀਨਾ ਪੂਲ ‘ਏ’ ’ਚ ਦੋ ਜਿੱਤਾਂ ਨਾਲ ਛੇ ਅੰਕ ਲੈ ਕੇ ਸਿਖਰ ’ਤੇ ਹੈ ਜਿਸ ਮਗਰੋਂ ਨਿਊਜ਼ੀਲੈਂਡ ਅਤੇ ਸਪੇਨ ਦੀਆਂ ਟੀਮਾਂ ਸ਼ਾਮਲ ਹਨ।