ਵਿਸ਼ਵ ਹਾਕੀ: ਆਸਟਰੇਲੀਆ ਤੋਂ ਕਰਾਰੀ ਹਾਰ ਦੇ ਬਾਵਜੂਦ ਚੀਨ ਕਰਾਸਓਵਰ ’ਚ

ਆਸਟਰੇਲੀਆ ਨੇ ਕੁਆਰਟਰ ਫਾਈਨਲ ਤੋਂ ਪਹਿਲਾਂ ਆਪਣੇ ਦਬਦਬੇ ਦਾ ਨਜ਼ਾਰ ਪੇਸ਼ ਕਰਦੇ ਹੋਏ ਪੁਰਸ਼ ਵਿਸ਼ਵ ਕੱਪ ਹਾਕੀ ’ਚ ਅੱਜ ਇੱਥੇ ਚੀਨ ਨੂੰ 11-0 ਨਾਲ ਹਰਾ ਦਿੱਤਾ। ਇਸ ਕਰਾਰ ਹਾਰ ਦੇ ਬਾਵਜੂਦ ਚੀਨ ਪੂਲ ‘ਬੀ’ ਦੇ ਕਰਾਸ ਓਵਰ ’ਚ ਜਗ੍ਹਾ ਬਣਾਉਣ ਵਿੱਚ ਸਫ਼ਲ ਰਿਹਾ। ਪੂਲ ਦੇ ਆਖ਼ਰੀ ਲੀਗ ਮੈਚ ’ਚ ਇੰਗਲੈਂਡ ਨੇ ਆਇਰਲੈਂਡ ਨੂੰ 4-2 ਨਾਲ ਹਰਾਇਆ ਜਿਸ ਨਾਲ ਚੀਨ ਦੋ ਅੰਕ ਲੈਣ ਦੇ ਬਾਵਜੂਦ ਤੀਜੇ ਨੰਬਰ ’ਤੇ ਰਹਿ ਕੇ ਕਰਾਸਓਵਰ ’ਚ ਪਹੁੰਚਣ ’ਚ ਸਫ਼ਲ ਰਿਹਾ। ਆਸਟਰੇਲੀਆ ਦੀ ਜਬਰਦਸਤ ਜਿੱਤ ਵਿੱਚ ਬਲੈਕ ਗੋਵਰਜ਼ ਨੇ ਸ਼ਾਨਦਾਨ ਹੈਟ੍ਰਿਕ ਲਗਾਈ। ਆਸਟਰੇਲੀਆ ਦੀ ਪੂਲ ‘ਬੀ’ ਵਿੱਚ ਇਹ ਲਗਾਤਾਰ ਤੀਜੀ ਜਿੱਤ ਹੈ ਅਤੇ ਉਸ ਨੇ ਨੌਂ ਅੰਕਾਂ ਨਾਲ ਸਿਖ਼ਰ ’ਤੇ ਰਹਿੰਦੇ ਹੋਏ ਸਿੱਧਾ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਚੀਨ ਦੀ ਤਿੰਨ ਮੈਚਾਂ ਵਿੱਚ ਇਹ ਪਹਿਲੀ ਹਾਰ ਹੈ ਅਤੇ ਉਸ ਦੇ ਦੋ ਡਰਾਅ ਨਾਲ ਦੋ ਅੰਕ ਹਨ। ਚੀਨ ਨੂੰ ਕਰਾਸਓਵਰ ਮੈਚ ਦੀਆਂ ਆਪਣੀਆਂ ਆਸਾਂ ਲਈ ਆਇਰਲੈਂਡ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਮੈਚ ਦੇ ਨਤੀਜ਼ੇ ਦਾ ਇੰਤਜ਼ਾਰ ਕਰਨਾ ਹੋਵੇਗਾ। ਆਇਰਲੈਂਡ ਅਤੇ ਇੰਗਲੈਂਡ ਦਾ ਇਕ-ਇਕ ਅੰਕ ਹੈ। ਖ਼ਿਤਾਬੀ ਹੈਟ੍ਰਿਕ ਲਈ ਟੂਰਨਾਮੈਂਟ ’ਚ ਉਤਰੇ ਆਸਟਰੇਲੀਆ ਨੇ ਉੜੀਸਾ ਵਿਸ਼ਵ ਹਾਕੀ ਕੱਪ ਵਿੱਚ ਹੁਣ ਤੱਕ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਇਸ ਟੂਰਨਾਮੈਂਟ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਟੀਮ ਨੇ ਇਕ ਮੈਚ ਵਿੱਚ 10 ਗੋਲ ਕੀਤੇ ਹਨ। ਚੀਨ ਨੇ ਪਹਿਲੇ 10 ਮਿੰਟਾਂ ਤੱਕ ਆਸਟਰੇਲੀਆ ਨੂੰ ਰੋਕਿਆ ਪਰ ਜਿਵੇਂ ਹੀ ਇਹ ਅੜਿੱਕਾ ਟੁੱਟਿਆ, ਆਸਟਰੇਲੀਆ ਨੇ ਚੀਨ ਨੂੰ ਉਡਾ ਦਿੱਤਾ। ਗੌਵਰਜ਼ ਨੇ 10ਵੇਂ ਮਿੰਟ ’ਚ ਪੈਨਲਟੀ ਕਾਰਨ ’ਤੇ ਪਹਿਲਾ ਗੋਲ ਕੀਤਾ। ਗੌਵਰਜ਼ ਨੇ ਫਿਰ 19ਵੇਂ ਅਤੇ 34 ਮਿੰਟ ਵਿਚ ਗੋਲ ਕੀਤੇ। ਐਰਨ ਜਾਲੈਵਸਕੀ ਨੇ 15ਵੇਂ, ਟਾਮ ਕਰੈਗ ਨੇ 16ਵੇਂ, ਜੈਰੇਮੀ ਹੈਵਰਡ ਨੇ 22ਵੇਂ, ਜੈਕ ਵੈਟਨ ਨੇ 29ਵੇਂ, ਟਿਮ ਬਰਾਂਡ ਨੇ 33ਵੇਂ ਅਤੇ 55ਵੇਂ, ਡਾਇਲਨ ਵੋਦਰਸਪੂਨ ਨੇ 38ਵੇਂ ਅਤੇ ਫਲਿਨ ਓਗਿਲਵੀ ਨੇ 49ਵੇਂ ਮਿੰਟ ਵਿੱਚ ਗੋਲ ਕਰ ਕੇ ਚੀਨ ਨੂੰ ਬੁਰੀ ਤਰ੍ਹਾਂ ਹਰਾਇਆ।