ਵਿਸ਼ਵ ਰੈਂਕਿੰਗ: ਹਰਮਨਪ੍ਰੀਤ ਤੀਜੇ ਸਥਾਨ ’ਤੇ

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਈਸੀਸੀ ਦੀ ਤਾਜ਼ਾ ਮਹਿਲਾ ਟੀ-20 ਕੌਮਾਂਤਰੀ ਰੈਂਕਿੰਗਜ਼ ਵਿੱਚ ਸਿਖ਼ਰਲੇ ਪੰਜ ਬੱਲੇਬਾਜ਼ਾਂ ਵਿੱਚ ਪਹੁੰਚ ਗਈ ਹੈ, ਜਦਕਿ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਜੇਮੀਮਾ ਰੌਡਰਿਗਜ਼ ਨੇ ਵੀ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ ਹੈ। ਵੈਸਟ ਇੰਡੀਜ਼ ਵਿੱਚ ਹਾਲ ਹੀ ਵਿੱਚ ਖ਼ਤਮ ਹੋਈ ਆਈਸੀਸੀ ਮਹਿਲਾ ਵਿਸ਼ਵ ਟੀ-20 ਵਿੱਚ ਆਸਟਰੇਲਿਆਈ ਸਲਾਮੀ ਬੱਲੇਬਾਜ਼ ਐਲਿਸਾ ਹੈਲੀ ਮਗਰੋਂ ਹਰਮਨਪ੍ਰੀਤ ਕੌਰ ਤਿੰਨ ਸਥਾਨ ਉਪਰ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਭਾਰਤੀ ਕਪਤਾਨ ਨੇ ਕੁੱਲ 183 ਦੌੜਾਂ ਬਣਾਈਆਂ, ਜਿਸ ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡੀ ਗਈ 103 ਦੌੜਾਂ ਦੀ ਸ਼ਾਨਦਾਰ ਪਾਰੀ ਵੀ ਸ਼ਾਮਲ ਹੈ।
ਜੇਮੀਮਾ ਨੌਂ ਸਥਾਨ ਉਪਰ ਕਰੀਅਰ ਦੀ ਸਰਵੋਤਮ ਛੇਵੀਂ ਰੈਂਕਿੰਗ ’ਤੇ, ਜਦੋਂਕਿ ਸਮ੍ਰਿਤੀ ਸੱਤ ਸਥਾਨ ਦੇ ਫ਼ਾਇਦੇ ਨਾਲ ਦਸਵੀਂ ਰੈਂਕਿੰਗ ’ਤੇ ਪਹੁੰਚ ਗਈ ਹੈ। ਗੇਂਦਬਾਜ਼ਾਂ ਦੀ ਸੂਚੀ ਵਿੱਚ ਆਸਟਰੇਲੀਆ ਦੀ ਮੈਗਨ ਸ਼ੱਟ ਪਹਿਲੇ ਅਤੇ ਭਾਰਤ ਦੀ ਪੂਨਮ ਯਾਦਵ ਦੂਜੇ ਸਥਾਨ ’ਤੇ ਬਰਕਰਾਰ ਹਨ। ਨਿਊਜ਼ੀਲੈਂਡ ਦੀ ਸਪਿੰਨਰ ਕਾਸਪਰੇਕ ਸੱਤ ਸਥਾਨ ਉਪਰ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਇੰਗਲੈਂਡ ਦੀ ਸੌਫੀ ਅਕਲੈਸਟੋਨ 16ਵੇਂ ਤੋਂ ਚੌਥੇ ਅਤੇ ਤੇਜ਼ ਗੇਂਦਬਾਜ਼ ਆਨਿਆ ਸ਼੍ਰਬਸੋਲੇ 12ਵੇਂ ਤੋਂ ਛੇਵੇਂ ਸਥਾਨ ’ਤੇ ਆ ਗਈਆਂ ਹਨ।
ਟੀਮ ਰੈਂਕਿੰਗਜ਼ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਦੂਜੇ ਸਥਾਨ ਤੋਂ ਪਛਾੜ ਕੇ ਤੀਜੇ ਸਥਾਨ ਵੱਲ ਧੱਕ ਦਿੱਤਾ ਹੈ। ਚੌਥੀ ਵਾਰ ਵਿਸ਼ਵ ਟੀ-20 ਖ਼ਿਤਾਬ ਜਿੱਤਣ ਵਾਲਾ ਆਸਟਰੇਲੀਆ 283 ਅੰਕ ਨਾਲ ਚੋਟੀ ’ਤੇ ਹੈ। ਭਾਰਤ 256 ਅੰਕ ਨਾਲ ਪੰਜਵੇਂ ਸਥਾਨ ’ਤੇ ਹੈ।