ਭਾਰਤੀ ਸੁਪਰਸਟਾਰ ਐਮ ਸੀ ਮੇਰੀ ਕੌਮ (48 ਕਿਲੋ) ਨੇ ਆਪਣੇ ਛੇਵੇਂ ਖ਼ਿਤਾਬ ਵੱਲ ਪੇਸ਼ਕਦਮੀ ਕਰਦਿਆਂ ਅੱਜ ਇੱਥੇ ਕੇਡੀ ਜਾਧਵ ਹਾਲ ਵਿੱਚ ਦਸਵੀਂ ਏਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਕੇ ਚਾਂਦੀ ਦਾ ਤਗ਼ਮਾ ਪੱਕਾ ਕਰ ਲਿਆ ਹੈ। ਦੂਜੇ ਪਾਸੇ, ਲਵਲੀਨਾ ਬੋਰਗੋਹੇਨ (69 ਕਿਲੋ) ਨੂੰ ਆਖ਼ਰੀ ਚਾਰ ਵਿੱਚ ਹਾਰ ਕੇ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਉਹ ਵੇਲਟਰਵੇਟ ਵਿੱਚ ਚੀਨੀ ਤਾਇਪੈ ਦੀ ਚੇਨ ਨੀਅਨ ਚਿਨ ਤੋਂ 0-4 ਨਾਲ ਹਾਰ ਗਈ। ਭਾਰਤ ਦੀਆਂ ਦੋ ਹੋਰ ਮੁੱਕੇਬਾਜ਼ ਸੋਨੀਆ (57 ਕਿਲੋ) ਅਤੇ ਸਿਮਰਨਜੀਤ ਕੌਰ (64 ਕਿਲੋ) ਵਿੱਚ ਸ਼ੁੱਕਰਵਾਰ ਨੂੰ ਸੈਮੀ ਫਾਈਨਲ ਵਿੱਚ ਉੱਤਰ ਕੋਰੀਆ ਦੀ ਜੋ ਸੋਨ ਹਵਾ ਅਤੇ ਚੀਨ ਦੀ ਡਾਨ ਡੋਊ ਖ਼ਿਲਾਫ਼ ਉਤਰਨਗੀਆਂ। ਆਪਣੇ ਛੇਵੇਂ ਅਤੇ ਚੈਂਪੀਅਨਸ਼ਿਪ ਵਿੱਚ ਸੱਤਵੇਂ ਤਗ਼ਮੇ ਦੀ ਕੋਸ਼ਿਸ਼ ਵਿੱਚ ਜੁਟੀ ਮੇਰੀ ਕੌਮ ਨੇ ਆਪਣੇ ਅਮੀਰ ਤਜਰਬੇ ਅਤੇ ਰਣਨੀਤੀ ਅਨੁਸਾਰ ਖੇਡਦਿਆਂ ਇੱਥੇ ਸੈਮੀ ਫਾਈਨਲ ਵਿੱਚ ਉਤਰ ਕੋਰੀਆ ਦੀ ਕਿਮ ਹਿਆਂਗ ਮਿ ਨੂੰ 5-0 ਨਾਲ ਹਰਾਇਆ। ਮੇਰੀ ਕੌਮ ਨੇ ਬੀਤੇ ਸਾਲ ਏਸ਼ਿਆਈ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਇਸ ਉਤਰ ਕੋਰਿਆਈ ਮੁੱਕੇਬਾਜ਼ ਨੂੰ ਮਾਤ ਦਿੱਤੀ ਸੀ, ਜੋ ਕਾਫ਼ੀ ਫੁਰਤੀਲਾ ਅਤੇ ਹਮਲਾਵਰ ਖੇਡਦੀ ਹੈ। ਮਨੀਪੁਰ ਦੀ ਇਸ ਮੁੱਕੇਬਾਜ਼ ਨੇ ਆਪਣੇ ਸਟੀਕ ਅਤੇ ਤੇਜ਼ਤਰਾਰ ਮੁੱਕਿਆਂ ਨਾਲ ਤਿੰਨ ਜੱਜਾਂ ਤੋਂ 29-28, 30-27, 30-27, 30-27, 30-27 ਨਾਲ ਅੰਕ ਹਾਸਲ ਕੀਤੇ। ਹੁਣ ਉਹ 24 ਨਵੰਬਰ ਨੂੰ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਵਿੱਚ ਯੂਕਰੇਨ ਦੀ ਹੰਨਾ ਓਖੋਟਾ ਨਾਲ ਭਿੜੇਗੀ। ਯੂਕਰੇਨੀ ਮੁੱਕੇਬਾਜ਼ ਨੇ ਜਾਪਾਨ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗ਼ਮਾ ਜੇਤੂ ਮਡੋਕਾ ਵਾਡਾ ਨੂੰ 5-0 ਨਾਲ ਮਾਤ ਦਿੱਤੀ ਹੈ।
Sports ਵਿਸ਼ਵ ਮੁੱਕੇਬਾਜ਼ੀ: ਮੇਰੀ ਕੌਮ ਫਾਈਨਲ ’ਚ