ਰੇਲ ਕੋਚ ਫੈਕਟਰੀ ਕਪੂਰਥਲਾ ਨੇ ਖ਼ਿਤਾਬ ਜਿੱਤਿਆ

ਕਪੂਰਥਲਾ- ਇੱਥੇ ਰੇਲ ਕੋਚ ਫੈਕਟਰੀ (ਆਰਸੀਐੱਫ) ਦੇ ਸਿੰਥੈਟਿਕ ਟਰਫ ਹਾਕੀ ਸਟੇਡੀਅਮ ਵਿੱਚ ਖੇਡੀ ਗਈ 40ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਦਾ ਖ਼ਿਤਾਬ ਅੱਜ ਮੇਜ਼ਬਾਨ ਆਰਸੀਐੱਫ ਨੇ ਦੱਖਣ-ਪੂਰਬੀ ਰੇਲਵੇ ਕਲਕੱਤਾ ਨੂੰ ਫਾਈਨਲ ਵਿੱਚ 3-0 ਗੋਲਾਂ ਨਾਲ ਹਰਾ ਕੇ ਜਿੱਤਿਆ। ਪਿਛਲੀ ਜੇਤੂ ਸੈਂਟਰਲ ਰੇਲਵੇ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ।
ਫਾਈਨਲ ਮੈਚ ਦੇ ਪਹਿਲੇ ਅੱਧ ਤੱਕ ਆਰਸੀਐੱਫ ਅਤੇ ਦੱਖਣ-ਪੂਰਬੀ ਟੀਮਾਂ ਨੇ ਪੂਰਾ ਸੰਘਰਸ਼ ਕੀਤਾ, ਪਰ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਦੂਜੇ ਅੱਧ ਵਿੱਚ ਆਰਸੀਐੱਫ ਵੱਲੋਂ 47ਵੇਂ ਮਿੰਟ ਵਿੱਚ ਰਿਤੂ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ 1-0 ਨਾਲ ਲੀਡ ਦਿਵਾਈ। 56ਵੇਂ ਮਿੰਟ ਵਿੱਚ ਅਮਰਿੰਦਰ ਕੌਰ ਨੇ ਮੈਦਾਨੀ ਗੋਲ ਕਰਕੇ ਸਕੋਰ ਦੁੱਗਣਾ ਕਰ ਦਿੱਤਾ। ਮੈਚ ਖ਼ਤਮ ਹੋਣ ਤੋਂ ਤਿੰਨ ਮਿੰਟ ਪਹਿਲਾਂ ਆਰਸੀਐੱਫ ਦੀ ਗਗਨਦੀਪ ਕੌਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 3-0 ਕੀਤਾ। ਆਰਸੀਐੱਫ ਦੀ ਗਗਨਦੀਪ ਕੌਰ ਨੂੰ ‘ਪਲੇਅਰ ਆਫ਼ ਦਿ ਮੈਚ’ ਚੁਣਿਆ ਗਿਆ। ਇਸ ਤੋਂ ਪਹਿਲਾ ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਮੱਧ ਰੇਲਵੇ ਮੁੰਬਈ ਨੇ ਉਤਰ ਰੇਲਵੇ ਨਵੀਂ ਦਿੱਲੀ ਨੂੰ 4-1 ਨਾਲ ਹਰਾਇਆ। ਆਰਸੀਐਫ ਦੇ ਜਨਰਲ ਮੈਨੇਜਰ ਐੱਸ ਪੀ ਤ੍ਰਿਵੇਦੀ ਨੇ ਜੇਤੂ ਟੀਮ ਰੇਲ ਕੋਚ ਫੈਕਟਰੀ ਨੂੰ ਚੈਂਪੀਅਨ ਟਰਾਫੀ ਦਿੱਤੀ।
ਆਰਸੀਐੱਫ, ਦੱਖਣ-ਪੂਰਬੀ ਰੇਲਵੇ ਅਤੇ ਸੈਂਟਰਲ ਰੇਲਵੇ ਦੀਆਂ ਟੀਮਾਂ ਨੂੰ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗ਼ਮੇ ਅਤੇ ਨਗ਼ਦ ਪੁਰਸਕਾਰ ਮਿਲੇ। ਦੱਖਣ-ਪੂਰਬੀ ਰੇਲਵੇ ਦੀ ਟੀਮ ਨੂੰ ਪੂਰੀ ਚੈਂਪੀਅਨਸ਼ਿਪ ਦੌਰਾਨ ਸਾਫ਼-ਸੁਥਰਾ ਖੇਡ ਵਿਖਾਉਣ ਲਈ ‘ਫੇਅਰ ਪਲੇਅ ਟਰਾਫੀ’ ਦਿੱਤੀ ਗਈ। ਇਸ ਮੌਕੇ ਆਰਸੀਐਫ ਖੇਡ ਸੰਘ ਦੇ ਪ੍ਰਧਾਨ ਸੀ ਐਮ ਜਿੰਦਲ, ਆਰ ਸੀ ਐਫ ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਡਾ. ਜੋਤੀ ਤ੍ਰਿਵੇਦੀ ਅਤੇ ਕੌਮੀ ਤੇ ਕੌਮਾਂਤਰੀ ਖਿਡਾਰੀ ਮੌਜੂਦ ਸਨ।