ਰਾਜ ਕਪੂਰ ਅਤੇ ਦਿਲੀਪ ਕੁਮਾਰ ਦੇ ਜੱਦੀ ਘਰ ਖ਼ਰੀਦਣ ਦੀ ਯੋਜਨਾ

ਪਾਕਿਸਤਾਨ ’ਚ ਖ਼ੈਬਰ ਪਖ਼ਤੂਨਖਵਾ ਸਰਕਾਰ ਨੇ ਬੌਲੀਵੁੱਡ ਅਦਾਕਾਰਾਂ ਰਾਜ ਕਪੂਰ ਅਤੇ ਦਿਲੀਪ ਕੁਮਾਰ ਦੇ ਜੱਦੀ ਘਰਾਂ ਸਮੇਤ ਵੰਡ ਤੋਂ ਪਹਿਲਾਂ ਦੀਆਂ 25 ਇਤਿਹਾਸਕ ਇਮਾਰਤਾਂ ਨੂੰ ਖ਼ਰੀਦਣ ਦੀ ਯੋਜਨਾ ਬਣਾਈ ਹੈ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਇਮਾਰਤਾਂ ਨੂੰ ਕੌਮੀ ਵਿਰਾਸਤ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਨ੍ਹਾਂ ਇਮਾਰਤਾਂ ਨੂੰ ਖ਼ਰੀਦਣ ਲਈ 61 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਪੁਰਾਤਤਵ ਵਿਭਾਗ ਨੂੰ ਮੌਜੂਦਾ ਮਾਲੀ ਵਰ੍ਹੇ ਦੌਰਾਨ ਇਨ੍ਹਾਂ ਇਮਾਰਤਾਂ ਦੇ ਰੱਖ ਰਖਾਅ ਸਬੰਧੀ ਰਿਪੋਰਟ ਤਿਆਰ ਕਰਨ ਲਈ 70 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਸੂਤਰਾਂ ਨੇ ਕਿਹਾ ਕਿ ਰਿਪੋਰਟ ਦੀ ਪ੍ਰਵਾਨਗੀ ਮਗਰੋਂ ਇਨ੍ਹਾਂ ਇਮਾਰਤਾਂ ਨੂੰ ਖ਼ਰੀਦਣ ਦਾ ਅਮਲ ਸ਼ੁਰੂ ਹੋ ਜਾਵੇਗਾ। ਕਪੂਰ ਹਵੇਲੀ ਵਜੋਂ ਜਾਣੇ ਜਾਂਦੇ ਰਾਜ ਕਪੂਰ ਦਾ ਜੱਦੀ ਘਰ ਕਿੱਸਾ ਖਵਾਨੀ ਬਾਜ਼ਾਰ ’ਚ ਪੈਂਦਾ ਹੈ। ਰਾਜ ਕਪੂਰ ਦੇ ਦਾਦੇ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ ਇਸ ਦੀ ਉਸਾਰੀ 1918 ਤੋਂ 1922 ਵਿਚਕਾਰ ਕਰਵਾਈ ਸੀ। ਰਾਜ ਕਪੂਰ ਅਤੇ ਉਸ ਦੇ ਚਾਚੇ ਤ੍ਰਿਲੋਕ ਕਪੂਰ ਦਾ ਜਨਮ ਇਸੇ ਘਰ ’ਚ ਹੋਇਆ ਸੀ। ਉੱਘੇ ਅਦਾਕਾਰ ਦਿਲੀਪ ਕੁਮਾਰ ਦਾ 100 ਸਾਲ ਪੁਰਾਣਾ ਜੱਦੀ ਘਰ ਵੀ ਪਿਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ’ਚ ਬਣਿਆ ਹੋਇਆ ਹੈ। ਮਕਾਨ ਦੀ ਹਾਲਤ ਖ਼ਰਾਬ ਹੈ ਅਤੇ ਨਵਾਜ਼ ਸ਼ਰੀਫ਼ ਸਰਕਾਰ ਨੇ 2014 ’ਚ ਇਸ ਨੂੰ ਕੌਮੀ ਵਿਰਾਸਤ ਦਾ ਦਰਜਾ ਦਿੱਤਾ ਸੀ।