ਰਣਇੰਦਰ ਸਿੰਘ ਆਈਐੱਸਐੱਸਐੱਫ ਦੇ ਮੀਤ ਪ੍ਰਧਾਨ ਬਣਨ ਵਾਲੇ ਪਹਿਲੇ ਭਾਰਤੀ

ਰਣਇੰਦਰ ਸਿੰਘ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈਐਸਐਸਐਫ) ਦਾ ਮੀਤ ਪ੍ਰਧਾਨ ਬਣਨ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। 51 ਸਾਲਾ ਰਣਇੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਹਨ, ਜੋ ਆਈਐਸਐਸਐਫ ਦੇ ਚਾਰ ਮੀਤ ਪ੍ਰਧਾਨਾਂ ਵਿੱਚੋਂ ਇੱਕ ਹੋਣਗੇ।
ਉਹ ਭਾਰਤੀ ਕੌਮੀ ਰਾਈਫਲ ਫੈਡਰੇਸ਼ਨ ਦੇ ਵੀ ਪ੍ਰਧਾਨ ਹਨ। ਸਾਬਕਾ ਟਰੈਪ ਨਿਸ਼ਾਨੇਬਾਜ਼ ਨੂੰ 161 ਵੋਟਾਂ ਮਿਲੀਆਂ, ਜਦਕਿ ਆਇਰਲੈਂਡ ਦੇ ਕੇਵਿਨ ਕਿਲਟੀ ਨੂੰ 162, ਅਮਰੀਕਾ ਦੇ ਰੌਬਰਟ ਮਿਸ਼ੇਲ ਨੂੰ 153 ਅਤੇ ਚੀਨ ਦੇ ਵਾਂਗ ਯਿਫੂ ਨੂੰ 146 ਵੋਟਾਂ ਮਿਲੀਆਂ। ਪਿਛਲੇ ਸਾਲ ਰਣਇੰਦਰ ਨੂੰ ਚਾਰ ਸਾਲ ਲਈ ਐਨਆਰਏਆਈ ਦਾ ਪ੍ਰਧਾਨ ਬਣਾਇਆ ਗਿਆ ਸੀ।
ਐਨਆਰਏਆਈ ਪ੍ਰਧਾਨ ਨੂੰ ਕੱਲ੍ਹ ਫੈਡਰੇਸ਼ਨ ਦੀ ਆਮ ਸਭਾ ਵਿੱਚ ਆਈਐਸਐਸਐਫ ਡਿਪਲੋਮਾ ਆਫ ਆਨਰ ਸੋਨ ਤਗ਼ਮਾ ਵੀ ਦਿੱਤਾ ਗਿਆ।