ਮੇਰੀ ਕੌਮ ਨੂੰ ਵਿਸ਼ਵ ਮੁੱਕੇਬਾਜ਼ੀ ’ਚ ਸਰਵੋਤਮ ਪ੍ਰਦਰਸ਼ਨ ਦੀ ਉਮੀਦ

ਪੰਜ ਵਾਰ ਵਿਸ਼ਵ ਚੈਂਪੀਅਨ ਰਹੀ ਮਹਿਲਾ ਮੁੱਕੇਬਾਜ਼ ਐਮਸੀ ਮੇਰੀ ਕੌਮ ਨੂੰ ਇੱਥੇ ਸ਼ੁਰੂ ਹੋਣ ਵਾਲੀ ਏਆਈਬੀਏ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਖ਼ੁਦ ਤੋਂ ਅਤੇ ਪੂਰੇ ਭਾਰਤੀ ਦਲ ਤੋਂ ਸਰਵੋਤਮ ਪ੍ਰਦਰਸ਼ਨ ਦੀ ਉਮੀਦ ਹੈ। ਮੇਰੀ ਕੌਮ (48 ਕਿਲੋ) ਵਿਸ਼ਵ ਚੈਂਪੀਅਨਸ਼ਿਪ ਵਿੱਚ ਪੰਜ ਸੋਨੇ ਅਤੇ ਇੱਕ ਚਾਂਦੀ ਸਣੇ ਕੁੱਲ ਛੇ ਤਗ਼ਮੇ ਜਿੱਤ ਚੁੱਕੀ ਹੈ ਅਤੇ ਹੁਣ ਉਸ ਦੀ ਨਜ਼ਰ ਛੇਵੇਂ ਸੋਨ ਤਗ਼ਮੇ ’ਤੇ ਹੈ। ਅਜੇ ਵੀ ਉਹ ਪੂਰੀ ਤਰ੍ਹਾਂ ਫਿੱਟ ਹੈ ਅਤੇ 2020 ਟੋਕੀਓ ਓਲੰਪਿਕ ਵਿੱਚ ਖੇਡ ਕੇ ਕੌਮਾਂਤਰੀ ਕਰੀਅਰ ਤੋਂ ਸੰਨਿਆਸ ਲੈਣਾ ਚਾਹੁੰਦੀ ਹੈ।
ਦੂਜੇ ਪਾਸੇ ਭਾਰਤੀ ਓਲੰਪਿਕ ਸੰਘ (ਆਈਓਏ) ਨੂੰ ਫ਼ਿਕਰ ਹੈ ਕਿ ਜੇਕਰ ਇਸ ਚੈਂਪੀਅਨਸ਼ਿਪ ਲਈ ਕੋਸੋਵੋ ਦੀ ਇੱਕੋ-ਇੱਕ ਮੁੱਕੇਬਾਜ਼ ਨੂੰ ਭਾਗ ਲੈਣ ਦੀ ਇਜਾਜ਼ਤ ਨਾ ਮਿਲੀ ਤਾਂ ਭਾਰਤ ’ਤੇ ਭਵਿੱਖ ਵਿੱਚ ਵੱਡੇ ਕੌਮਾਂਤਰੀ ਟੂਰਨਾਮੈਂਟ ਦੀ ਮੇਜ਼ਬਾਨੀ ਗੁਆਉਣ ਦਾ ਜ਼ੋਖ਼ਮ ਬਣਿਆ ਰਹੇਗਾ। ਚੈਂਪੀਅਨਸ਼ਿਪ ਵਿੱਚ ਕੋਸੋਵੋ ਦੀ ਮੁੱਕੇਬਾਜ਼ ਡਾਨਜੇਤਾ ਸਾਡਿਕੂ ਦੇ ਹਿੱਸਾ ਲੈਣ ਸਬੰਧੀ ਬੇਯਕੀਨੀ ਬਣੀ ਹੋਈ ਹੈ, ਕਿਉਂਕਿ ਭਾਰਤ ਸਰਕਾਰ ਨੇ ਅਜੇ ਤੱਕ ਇਸ ਮੁੱਕੇਬਾਜ਼ ਅਤੇ ਉਸ ਦੇ ਦੋ ਕੋਚਾਂ ਨੂੰ ਵੀਜ਼ਾ ਨਹੀਂ ਦਿੱਤਾ। ਭਾਰਤ ਕੋਸੋਵੋ ਨੂੰ ਮਾਨਤਾ ਨਹੀਂ ਦਿੰਦਾ, ਜੋ ਦੱਖਣੀ ਪੂਰਬ ਯੂਰੋਪ ਦਾ ਵਿਵਾਦਗ੍ਰਸਤ ਖੇਤਰ ਹੈ। ਹਾਲਾਂਕਿ ਸਾਡਿਕੂ ਕੋਲ ਅਲਬਾਨੀਆ ਦਾ ਪਾਸਪੋਰਟ ਹੈ। ਇਸ ਲਈ ਭਾਰਤੀ ਮੁੱਕੇਬਾਜ਼ੀ ਸੰਘ ਨੂੰ ਇਸ ਮੁੱਦੇ ਦੇ ਸੁਲਝਣ ਦੀ ਉਮੀਦ ਹੈ। ਭਾਰਤ ਦੇ ਅਲਬਾਨੀਆ ਨਾਲ ਕੂਟਨੀਤਕ ਸਬੰਧ ਹਨ। ਆਈਓਏ ਨੇ ਇਹ ਵੀ ਦੱਸਿਆ ਕਿ ਬ੍ਰਾਜ਼ੀਲ ਭਾਵੇਂ ਇਸ ਵਿਵਾਦਗ੍ਰਸਤ ਦੇਸ਼ ਨੂੰ ਮਾਨਤਾ ਨਹੀਂ ਦਿੰਦਾ, ਪਰ ਕੋਸੋਵੋ ਨੇ 2016 ਰੀਓ ਓਲੰਪਿਕ ਵਿੱਚ ਹਿੱਸਾ ਲਿਆ ਸੀ।
ਕੋਸੋਵੋ ਦੀਆਂ ਮੁੱਕੇਬਾਜ਼ਾਂ ਦੇ ਵੀਜ਼ਾ ਨਾਲ ਸਬੰਧਤ ਮਾਮਲੇ ਬਾਰੇ ਭਾਰਤੀ ਮੁੱਕੇਬਾਜ਼ੀ ਸੰਘ (ਬੀਐਫਆਈ) ਦੇ ਪ੍ਰਧਾਨ ਅਜੈ ਸਿੰਘ ਨੇ ਕਿਹਾ, ‘‘ਇਹ ਵਿਦੇਸ਼ ਮੰਤਰਾਲੇ ਨਾਲ ਜੁੜਿਆ ਸੰਵੇਦਨਸ਼ੀਲ ਮੁੱਦਾ ਹੈ। ਮੈਂ ਇਸ ਬਾਰੇ ਟਿੱਪਣੀ ਨਹੀਂ ਕਰ ਸਕਦਾ।’’
ਦਸਵੀਂ ਏਆਈਬੀਏ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੀ ‘ਬਰਾਂਡ ਦੂਤ’ ਮੇਰੀ ਕੌਮ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਤਿਆਰੀਆਂ ਬਿਹਤਰੀਨ ਚੱਲ ਰਹੀਆਂ ਹਨ ਅਤੇ ਕਈ ਦੇਸ਼ਾਂ ਖ਼ਿਲਾਫ਼ ਅਸੀਂ ਅਭਿਆਸ ਕੀਤਾ ਹੈ। ਵੱਖ-ਵੱਖ ਖਿਡਾਰੀਆਂ ਖ਼ਿਲਾਫ਼ ਸਿਖਲਾਈ ਲੈਣ ਨਾਲ ਕਾਫੀ ਤਜਰਬਾ ਮਿਲਦਾ ਹੈ। ਅਸੀਂ ਸਾਰੇ ਮੁੱਕੇਬਾਜ਼ ਆਪਣੀ ਸਰਵੋਤਮ ਤਿਆਰੀ ਕਰ ਰਹੇ ਹਾਂ।’’
ਫਿੱਨਲੈਂਡ ਦੀ ਮੁੱਕੇਬਾਜ਼ ਮੀਰਾ ਪੋਟਕੋਨੇਨ (60 ਕਿਲੋ) ਵੀ ਇਸ ਮੌਕੇ ਮੌਜੂਦ ਸੀ। ਉਹ ਜਨਵਰੀ ਵਿੱਚ ਵੀ ਇੰਡੀਆ ਓਪਨ ਵਿੱਚ ਹਿੱਸਾ ਲੈਣ ਭਾਰਤ ਆਈ ਸੀ ਅਤੇ ਇਹ ਉਸ ਦਾ ਦੂਜਾ ਭਾਰਤੀ ਦੌਰਾ ਹੈ। ਮੀਰਾ ਨੇ ਕਿਹਾ, ‘‘ਤਿਆਰੀਆਂ ਨੂੰ ਵੇਖਦਿਆਂ ਮੈਂ ਕੁਝ ਦਿਨਾਂ ਵਿੱਚ ਵਿਸ਼ਵ ਚੈਂਪੀਅਨ ਬਣਨ ਲਈ ਤਿਆਰ ਹਾਂ।’’ ਮੇਰੀ ਕੌਮ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਫਿੱਟ ਹੈ ਅਤੇ 2020 ਟੋਕੀਓ ਓਲੰਪਿਕ ਤਕ ਖੇਡਣਾ ਚਾਹੁੰਦੀ ਹੈ। ਮੇਰੀ ਕੌਮ ਨੇ ਹਾਲ ਹੀ ਵਿੱਚ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਦਾ ਆਪਣਾ ਪਹਿਲਾ ਤਗ਼ਮਾ ਜਿੱਤਿਆ ਸੀ। ਮਹਿਲਾ ਮੁੱਕੇਬਾਜ਼ੀ ਦਾ ਉਦਘਾਟਨ ਸਮਾਰੋਹ ਭਲਕੇ ਹੋਵੇਗਾ।