ਮੁੱਕੇਬਾਜ਼ੀ: ਪਿੰਕੀ ਅਤੇ ਸਿਮਰਨਜੀਤ ਦੀਆਂ ਆਸਾਨ ਜਿੱਤਾਂ

ਮਾਹਰ ਮੁੱਕੇਬਾਜ਼ ਪਿੰਕੀ ਰਾਣੀ ਤੋਂ ਇਲਾਵਾ ਸੋਨੀਆ ਅਤੇ ਸਿਮਰਨਜੀਤ ਕੌਰ ਨੇ ਅੱਜ ਇੱਥੇ ਦਸਵੀਂ ਏਆਈਬੀਏ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਆਖ਼ਰੀ ਅੱਠ ਵਿੱਚ ਥਾਂ ਬਣਾ ਲਈ ਹੈ। ਇਸ ਤਰ੍ਹਾਂ ਭਾਰਤ ਦੀਆਂ ਅੱਠ ਮੁੱਕੇਬਾਜ਼ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੀਆਂ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮ ਸੀ ਮੇਰੀ ਕੌਮ (48 ਕਿਲੋ) ਦੀ ਅਗਵਾਈ ਵਿੱਚ ਸਾਰੇ ਅੱਠ ਮੁੱਕੇਬਾਜ਼ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਲਈ ਮੰਗਲਵਾਰ ਨੂੰ ਰਿੰਗ ਵਿੱਚ ਉਤਰਨਗੀਆਂ। ਮੇਜ਼ਬਾਨ ਦੇਸ਼ ਦੀ ਮਾਹਰ ਮੁੱਕੇਬਾਜ਼ ਅਤੇ ਸਾਬਕਾ ਚੈਂਪੀਅਨ ਐਲ ਸਰਿਤਾ ਦੇਵੀ ਕੱਲ੍ਹ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ ਅਤੇ ਅੱਜ ਸਾਵਿਟੀ ਬੂਰਾ (75 ਕਿਲੋ) ਨੂੰ ਐਲਜੀਬੀਅਟਾ ਵੋਜ਼ਸਿਕ ਤੋਂ 0-5 ਨਾਲ ਹਾਰ ਝੱਲਣੀ ਪਈ। ਇਸ ਤਰ੍ਹਾਂ ਭਾਰਤ ਦੀ ਦੂਜੀ ਮੁੱਕੇਬਾਜ਼ ਟੂਰਨਾਮੈਂਟ ਤੋਂ ਬਾਹਰ ਹੋ ਗਈ। ਸੋਨੀਆ (57 ਕਿਲੋ) ਨੇ ਦਿਨ ਦੀ ਸ਼ੁਰੂਆਤ ਪ੍ਰੀ ਕੁਆਰਟਰ ਫਾਈਨਲ ਵਿੱਚ ਸਾਬਕਾ ਚੈਂਪੀਅਨ ਸਟੈਨੀਮੀਰਾ ਪੈਤਰੋਵਾ ਨੂੰ 3-2 ਨਾਲ ਸ਼ਿਕਸਤ ਦੇ ਕੇ ਕੀਤੀ। ਬੁਲਗਾਰੀਆ ਦੀ ਇਹ ਮੁੱਕੇਬਾਜ਼ ਨਤੀਜੇ ਤੋਂ ਖ਼ੁਸ਼ ਨਹੀਂ ਸੀ, ਜਿਸ ਮਗਰੋਂ ਏਆਈਬੀਏ ਨੇ ਦਲ ਦੇ ਕੋਚ ਦਾ ਰਿੰਗ ਵਿੱਚ ਆਉਣ ਦਾ ਅਧਿਕਾਰ ਖੋਹ ਲਿਆ। ਪਿੰਕੀ (51 ਕਿਲੋ) ਨੂੰ ਇੰਗਲੈਂਡ ਦੀ ਯੂਰੋਪੀ ਚੈਂਪੀਅਨ ਐਲਿਸੀ ਲਿਲੀ ਜੌਹਨਸ ਤੋਂ ਜ਼ਿਆਦਾ ਚੁਣੌਤੀ ਨਹੀਂ ਮਿਲੀ, ਜਿਸ ਨੂੰ ਉਸ ਨੇ 5-0 ਨਾਲ ਹਰਾਇਆ। ਉਸ ਨੇ ਖ਼ੁਦ ਮੰਨਿਆ ਕਿ ਇਹ ਮੁਕਾਬਲਾ ਪਿਛਲੇ ਮੈਚ ਨਾਲੋਂ ਆਸਾਨ ਰਿਹਾ। ਪਿੰਕੀ ਨੇ ਸ਼ੁਰੂ ਵਿੱਚ ਇੰਗਲੈਂਡ ਦੀ ਮੁੱਕੇਬਾਜ਼ ਨੂੰ ਪਰਖਿਆ, ਜਿਸ ਵਿੱਚ ਇੰਗਲੈਂਡ ਦੀ ਨੌਜਵਾਨ ਮੁੱਕੇਬਾਜ਼ ਨੇ ਖੱਬੇ ਹੱਥ ਦੇ ਕੁੱਝ ਸ਼ਾਨਦਾਰ ਪੰਚ ਮਾਰੇ। ਇਸ ਭਾਰਤੀ ਨੇ ਉਸ ਦੇ ਮੁੱਕਿਆਂ ਦਾ ਤਕੜਾ ਜਵਾਬ ਦਿੱਤਾ ਅਤੇ ਲਗਾਤਾਰ ਪੰਚ ਮਾਰ ਕੇ ਅੰਕ ਵੱਟੇ। ਆਪਣੀ ਤੀਜੀ ਵਿਸ਼ਵ ਚੈਂਪੀਅਨਸ਼ਿਪ ਖੇਡ ਰਹੀ ਪਿੰਕੀ ਨੇ ਦੂਜੇ ਅਤੇ ਤੀਜੇ ਰਾਊਂਡ ਵਿੱਚ ਵੀ ਹਮਲਾਵਰ ਖੇਡ ਜਾਰੀ ਰੱਖੀ। ਅਖ਼ੀਰ ਵਿੱਚ ਪਿੰਕੀ ਨੇ ਕੁੱਝ ਜ਼ਾਨਦਾਰ ਮੁੱਕੇ ਜੜੇ, ਜੋ ਆਖ਼ਰੀ ਅੱਠ ਵਿੱਚ ਪਹੁੰਚਣ ਲਈ ਕਾਫੀ ਸਨ। ਹੁਣ ਉਹ ਉਤਰੀ ਕੋਰੀਆ ਦੀ ਮਿ ਚੋਈ ਪਾਂਗ ਨਾਲ ਭਿੜੇਗੀ। ਭਾਰਤ ਦੇ ਦਿਨ ਦੇ ਆਖ਼ਰੀ ਮੁਕਾਬਲੇ ਵਿੱਚ ਸਿਮਰਨਜੀਤ ਕੌਰ ਨੇ 64 ਕਿਲੋ ਵਿੱਚ ਸਕਾਟਲੈਂਡ ਦੀ ਮੈਗਨ ਰੀਡ ਨੂੰ 5-0 ਨਾਲ ਮਾਤ ਦਿੱਤੀ। ਲੁਧਿਆਣਾ ਦੀ ਇਹ ਮੁੱਕੇਬਾਜ਼ ਤਿੰਨ ਗੇੜ ਵਿੱਚ ਰੈੱਡ ’ਤੇ ਭਾਰੂ ਪਈ। ਉਸ ਦੇ ਕੁੱਝ ਤੇਜ਼ ਅਤੇ ਸਟੀਕ ਪੰਚ ਮੈਗਨ ਦੀ ਨੱਕ ’ਤੇ ਵੀ ਲੱਗੇ। ਜਿਸ ਕਾਰਨ ਦੂਜੇ ਰਾਊਂਡ ਵਿੱਚ ਉਸ ਦੇ ਨੱਕ ’ਚੋਂ ਖ਼ੂਨ ਵਗਣ ਲੱਗਿਆ ਅਤੇ ਉਸ ਦੇ ਮੁੱਕਿਆਂ ਵਿੱਚ ਜਾਨ ਵੀ ਨਹੀਂ ਰਹੀ। ਸਿਮਰਨਜੀਤ ਹੁਣ ਕੱਲ੍ਹ ਆਇਰਲੈਂਡ ਦੀ ਐਮੀ ਸਾਰਾ ਬ੍ਰੋਡਹਸਟ ਨਾਲ ਭਿੜੇਗੀ। ਸੋਨੀਆ ਨੇ ਸਾਬਕਾ ਵਿਸ਼ਵ ਚੈਂਪੀਅਨ ਪੈਤਰੋਵਾ ਸਟੈਨੀਮੀਰਾ ਨੂੰ ਸ਼ਿਕਸਤ ਦੇ ਕੇ ਆਖ਼ਰੀ ਅੱਠ ਵਿੱਚ ਥਾਂ ਬਣਾਈ, ਜਿੱਥੇ ਉਸ ਦਾ ਸਾਹਮਣਾ ਕੋਲੰਬੀਆ ਦੀ ਮਾਰਸੈਲਾ ਕਾਸਟੈਨਾਡਾ ਨਾਲ ਹੋਵੇਗਾ। ਸੋਨੀਆ ਦੀ ਵਿਰੋਧੀ ਨਤੀਜੇ ਤੋਂ ਖ਼ੁਸ਼ੀ ਨਹੀਂ ਜਾਪੀ। ਉਸ ਨੇ ਅਖਾੜੇ ਤੋਂ ਬਾਹਰ ਆ ਕੇ ਕਿਹਾ, ‘‘ਮੈਂ ਇਸ ਫ਼ੈਸਲੇ ਤੋਂ ਬਿਲਕੁਲ ਵੀ ਖ਼ੁਸ਼ ਨਹੀਂ ਹਾਂ। ਜੱਜ ਧੋਖਾ ਕਰ ਰਹੇ ਹਨ, ਇਹ ਨਤੀਜਾ ਸਹੀ ਨਹੀਂ।’’ ਹਰਿਆਣਾ ਦੀ ਸੋਨੀਆ ਅਤੇ ਪੈਤਰੋਵਾ ਦੀ ਮੁੱਕੇਬਾਜ਼ੀ ਦੀ ਸ਼ੈਲੀ ਬਿਲਕੁਲ ਬਰਾਬਰ ਹੈ, ਪਰ ਭਾਰਤੀ ਮੁੱਕੇਬਾਜ਼ ਪਹਿਲਾਂ ਤੋਂ ਹੀ ਰਣਨੀਤੀ ਨਾਲ ਰਿੰਗ ਵਿੱਚ ਉਤਰੀ ਸੀ। ਉਹ ਪਹਿਲੇ ਰਾਊਂਡ ਵਿੱਚ ਪੂਰੀ ਚੌਕਸ ਅਤੇ ਰੱਖਿਆਤਮਕ ਹੋ ਕੇ ਖੇਡੀ। ਦੂਜੇ ਰਾਊਂਡ ਵਿੱਚ ਬੁਲਗਾਰੀਆ ਦੀ ਮੁੱਕੇਬਾਜ਼ ਨੇ ਸਟੀਕ ਪੰਜ ਨਾਲ ਸੋਨੀਆ ਤੋਂ ਵੱਧ ਅੰਕ ਲਏ। ਆਖ਼ਰੀ ਰਾਉਂਡ ਵਿੱਚ ਸੋਨੀਆ ਨੂੰ ਜੱਜ ਨੇ ਪੂਰੇ ਅੰਕ ਦਿੱਤੇ। ਮੇਰੀ ਕੌਮ ਕੱਲ੍ਹ ਚੀਨ ਦੀ ਵੂ ਯੂ ਦੇ ਸਾਹਮਣੇ ਹੋਵੇਗੀ। ਮੁਟਿਆਰ ਮੁੱਕੇਬਾਜ਼ ਮਨੀਸ਼ਾ ਮੌਨ (54 ਕਿਲੋ) ਹੁਣ ਤਗ਼ਮੇ ਦੇ ਗੇੜ ਵਿੱਚ ਪਹੁੰਚਣ ਲਈ ਸੀਨੀਅਰ ਦਰਜਾ ਪ੍ਰਾਪਤ ਅਤੇ 2016 ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਸਟੋਯਕਾ ਪੈਤਰੋਵਾ ਨਾਲ ਭਿੜੇਗੀ। -ਪੀਟੀਆਈ